ਬਰੈਸਟ ਕੈਂਸਰ ਸਕਰੀਨਿੰਗ ਕੈਂਪ 'ਚ ਲਗਭਗ 85 ਔਰਤਾਂ ਦਾ ਚੈੱਕਅਪ ਕੀਤਾ
ਪ੍ਰਮੋਦ ਭਾਰਤੀ
ਨੂਰਪੁਰ ਬੇਦੀ 22 ਫਰਵਰੀ ,2024 - ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ "ਨੈਸ਼ਨਲ ਪ੍ਰੋਗਰਾਮ ਫਾਰ ਪ੍ਰੋਵੈਸਨ ਐਂਡ ਕੰਟਰੋਲ ਆਫ ਕੈਂਸਰ, ਡਾਇਬਟੀਜ, ਕਾਰਡੀਓ ਵੈਸਕੂਲਰ ਡਿਜ਼ੀਜ਼ ਐਂਡ ਸਟਰੋਕਸ, ਪੰਜਾਬ" ਪ੍ਰੋਗਰਾਮ ਤਹਿਤ ਬਲਾਕ ਨੂਰਪੁਰ ਬੇਦੀ ਵਿੱਚ ਬਰੈਸਟ ਕੈਂਸਰ ਦੀ ਨਵੀਂ ਤਕਨੀਕ ਨਾਲ ਸਕਰੀਨਿੰਗ ਕੀਤੀ ਜਾ ਰਹੀ ਹੈ। ਇਹਨਾਂ ਕੈਂਪਾਂ ਵਿੱਚ ਲਗਭਗ 85 ਔਰਤਾਂ ਦੀ ਜਾਂਚ ਕੀਤੀ ਗਈ ਗ਼।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਵਿਧਾਨ ਚੰਦਰ ਨੇ ਦੱਸਿਆ ਕਿ 'ਬਰੈਸਟ ਕੈਂਸਰ ਏ.ਆਈ ਡਿਜੀਟਲ ਪ੍ਰੋਜੈਕਟ' ਵਿੱਚ ਬਰੈਸਟ ਕੈਂਸਰ ਦੀ ਜਾਂਚ ਬਿਲਕੁਲ ਨਵੀਂ ਤਕਨੀਕ ਨਾਲ ਕੀਤੀ ਗਈ ,ਜਾਂਚ ਵਿੱਚ ਮਰੀਜ਼ ਨੂੰ ਛੂਹਣ ਤੋਂ ਬਿਨਾਂ, ਦੇਖਣ ਤੋਂ ਬਿਨਾਂ, ਕਿਸੇ ਵੀ ਦਰਦ ਤੋਂ ਬਿਨਾਂ ਅਤੇ ਕੋਈ ਵੀ ਰੇਡੀਏਸ਼ਨ ਦਿੱਤੇ ਬਿਨਾਂ ਜਾਂਚ ਕੀਤੀ। ਸਕਰੀਨਿੰਗ ਲਈ ਆਉਣ ਵਾਲੇ ਮਰੀਜ਼ਾਂ ਦੀ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ, ਲੋੜੀਦੇ ਲੈਬਾਰਟਰੀ ਟੈਸਟ ਮੁਫਤ ਕੀਤੇ , ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ। ਇਹਨਾ ਕੈਂਪਾ ਦਾ ਮਕਸਦ ਆਮ ਲੋਕਾਂ ਨੂੰ ਇਸ ਬਿਮਾਰੀ ਦੇ ਮੁਢਲੇ ਲੱਛਣ ਅਤੇ ਬਚਾਓ ਸਬੰਧੀ ਜਾਣਕਾਰੀ ਦੇਣਾ ਹੈ ਅਤੇ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਆਮ ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਕੇ ਬਿਮਾਰੀ ਨੂੰ ਮੁੱਢਲੀ ਸਟੇਜ਼ ਤੇ ਪਤਾ ਲਗਾ ਕੇ ਉਸ ਦਾ ਇਲਾਜ ਕਰਵਾ ਸਕਣ। ਉਹਨਾਂ ਨੇ ਕਿਹਾ ਕਿ ਸਰੀਰ ਵਿੱਚ ਕਿਸੇ ਵੀ ਪੁਰਾਣੀ ਗੱਠ ਨੂੰ ਅਣਗੌਲਿਆ ਨਾ ਕੀਤਾ ਜਾਵੇ ਸਗੋਂ ਇਸਦੀ ਸਕਰੀਨਿੰਗ ਕਰਵਾਈ ਜਾਵੇ ਅਤੇ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਇਸ ਮੌਕੇ ਉਨ੍ਹਾ ਕਿਹਾ ਕਿ ਕੈਂਸਰ ਦੀ ਬਿਮਾਰੀ ਪ੍ਰਤੀ ਵਕਤ ਸਿਰ ਜਾਗਰੂਕ ਹੋ ਕੇ ਹੀ ਇਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਪੂਰਨ ਇਲਾਜ਼ ਕਰਵਾਇਆ ਜਾ ਸਕਦਾ ਹੈ। ਕੈਂਸਰ ਤੋਂ ਡਰੋ ਨਾ, ਸਗੋਂ ਇਸ ਦੇ ਖਿਲਾਫ ਲੜੋ।
ਸਾਨੂੰ ਕੈਂਸਰ ਤੋਂ ਬਚਣ ਲਈ ਹਮੇਸ਼ਾ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਤੰਬਾਕੂ, ਸ਼ਰਾਬ, ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਫਸਲਾਂ ਉਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਜ਼ਿਆਦਾ ਚਰਬੀ ਵਾਲੇ ਭੋਜਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਰਸੌਲੀ ਜਾਂ ਗਿਲਟੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ। ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ।