ਪੀ.ਏ.ਯੂ. ਦੀ ਐਥਲੈਟਿਕ ਮੀਟ ਸਫਲਤਾ ਨਾਲ ਸੰਪੰਨ ਹੋਈ
- ਖੇਤੀਬਾੜੀ ਕਾਲਜ ਅਤੇ ਬਾਗਬਾਨੀ ਕਾਲਜ ਨੇ ਓਅਰਆਲ ਟਰਾਫੀਆਂ ਜਿੱਤੀਆਂ
ਲੁਧਿਆਣਾ 1 ਮਾਰਚ, 2024 - ਪੀ.ਏ.ਯੂ. ਦੇ ਖੇਡ ਸਟੇਡੀਅਮਾਂ ਵਿਚ ਜਾਰੀ 57ਵੀਂ ਸਲਾਨਾ ਐਥਲੈਟਿਕ ਮੀਟ ਸਫਲਤਾ ਨਾਲ ਆਪਣੇ ਅੰਜਾਮ ਤੱਕ ਪਹੁੰਚੀ| ਪੰਜਾਬ ਦੀ ਜਵਾਨੀ ਨੂੰ ਖੇਡਾਂ ਅਤੇ ਉਸਾਰੂ ਜੀਵਨ ਮੁੱਲਾਂ ਨਾਲ ਜੋੜਨ ਦਾ ਸੁਨੇਹਾ ਲੈ ਕੇ ਆਯੋਜਿਤ ਕੀਤੀ ਗਈ ਇਸ ਐਥਲੈਟਿਕ ਮੀਟ ਵਿਚ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿਚ ਸਖਤ ਮੁਕਾਬਲੇ ਦਾ ਮੁਜ਼ਾਹਰਾ ਕੀਤਾ| ਮਰਦਾਂ ਦੇ ਵਰਗ ਵਿਚ ਓਵਰਆਲ ਟਰਾਫੀ ਖੇਤੀਬਾੜੀ ਕਾਲਜ ਦੇ ਹਿੱਸੇ ਆਈ ਜਦਕਿ ਔਰਤਾਂ ਦੀ ਓਵਰਆਲ ਟਰਾਫੀ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਨੇ ਜਿੱਤੀ|
ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫ. ਜਨਰਲ ਡਾ. ਜਗਬੀਰ ਸਿੰਘ ਚੀਮਾ ਸ਼ਾਮਿਲ ਹੋਏ| ਇਸ ਮੌਕੇ ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਸ. ਬਲਵਿੰਦਰ ਸਿੰਘ, ਐੱਸ ਏ ਆਈ ਦੇ ਇੰਚਾਰਜ਼ ਸ਼੍ਰੀ ਰਾਕੇਸ਼ ਸੋਲੰਕੀ, ਲੁਧਿਆਣਾ ਦੇ ਜ਼ਿਲ੍ਹਾ ਖੇਡ ਅਧਿਕਾਰੀ ਸ. ਰੁਪਿੰਦਰ ਸਿੰਘ, ਨਾਰਕੋਟਿਕਸ ਸੈੱਲ ਲੁਧਿਆਣਾ ਦੇ ਇੰਚਾਰਜ ਸ. ਅੰਮ੍ਰਿਤਪਾਲ ਸਿੰਘ ਗਰੇਵਾਲ, ਸ. ਕੁਲਬੀਰ ਸਿੰਘ, ਬਾਸਕਟਬਾਲ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਸ. ਤੇਜਾ ਸਿੰਘ ਧਾਲੀਵਾਲ ਅਤੇ ਓਲੰਪੀਅਨ ਸ. ਮਹਿੰਦਰ ਸਿੰਘ ਵੀ ਸ਼ਾਮਿਲ ਰਹੇ|
ਆਪਣੇ ਭਾਸ਼ਣ ਵਿਚ ਡਾ. ਜਗਬੀਰ ਸਿੰਘ ਚੀਮਾ ਨੇ ਪੀ.ਏ.ਯੂ. ਦੇ ਖੇਡ ਮੈਦਾਨਾਂ ਵਿਚ ਗੁਜ਼ਾਰੇ ਸਮੇਂ ਨੂੰ ਯਾਦ ਕੀਤਾ| ਉਹਨਾਂ ਨੇ ਕਿਸੇ ਵੀ ਖੇਤਰ ਵਿਚ ਕਾਮਯਾਬੀ ਲਈ ਸਖਤ ਮਿਹਨਤ, ਅਨੁਸਾਸ਼ਨ ਅਤੇ ਸਾਧਨਾ ਉੱਪਰ ਜ਼ੋਰ ਦਿੱਤਾ| ਯੂਨੀਵਰਸਿਟੀ ਵਿਚ ਐਥਲੈਟਿਕ ਮੀਟ ਦੀ ਸਫਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਦਾ ਪੱਧਰ ਕਿਸੇ ਵੀ ਹੋਰ ਸੰਸਥਾ ਦੇ ਖਿਡਾਰੀਆਂ ਨਾਲ ਬਰ ਮੇਚਦਾ ਹੈ| ਡਾ. ਚੀਮਾ ਨੇ ਖੇਡਾਂ ਨੂੰ ਵੀ ਜ਼ਿੰਦਗੀ ਦਾ ਰੂਪਕ ਕਿਹਾ ਜਿਸ ਵਿਚ ਹਰ ਦੌੜਾਕ ਜਾਂ ਖਿਡਾਰੀ ਜਿੱਤਣ ਨਾਲੋਂ ਵਧੇਰੇ ਹਿੱਸਾ ਲੈਣ ਨੂੰ ਅਹਿਮ ਮੰਨਦਾ ਹੈ| ਉਹਨਾਂ ਕਿਹਾ ਕਿ ਵਿਗਿਆਨ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀ.ਏ.ਯੂ. ਨੇ ਖੇਡਾਂ ਦੇ ਖੇਤਰ ਵਿਚ ਜੋ ਯੋਗਦਾਨ ਪਾਇਆ ਉਸਦੀ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ|
ਇਸ ਐਥਲੈਟਿਕ ਮੀਟ ਦੌਰਾਨ ਮਰਦਾਂ ਦੇ ਵਰਗ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਜ਼ਸ਼ਨਦੀਪ ਸਿੰਘ ਸੰਧੂ, ਖੇਤੀਬਾੜੀ ਕਾਲਜ ਦੇ ਰਮੇਸ਼ ਏ ਅਤੇ ਖੇਤੀਬਾੜੀ ਕਾਲਜ ਦੇ ਹੀ ਅਵਿਕਾਸ਼ ਸਿੰਘ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ| ਕੁੜੀਆਂ ਦੇ ਵਰਗ ਵਿਚ ਬਾਗਬਾਨੀ ਕਾਲਜ ਦੀ ਹਰਸ਼ਿਤਾ, ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਜਸਲੀਨ ਕੌਰ ਨੂੰ ਸਰਵੋਤਮ ਅਥਲੀਟ ਦੇ ਪੁਰਸਕਾਰ ਪ੍ਰਾਪਤ ਹੋਏ| ਇਸ ਮੌਕੇ ਪੀ.ਏ.ਯੂ. ਦੇ ਪੁਰਾਣੇ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਸ਼੍ਰੀ ਸੁਧੀਰ ਮਲਹੋਤਰਾ, ਡਾ. ਅਪਮਿੰਦਰ ਪਾਲ ਸਿੰਘ ਬਰਾੜ ਅਤੇ ਸੱਭਿਆਚਾਰ ਖੇਤਰ ਦੇ ਕਾਰਕੁੰਨ ਡਾ. ਜਸਵਿੰਦਰ ਕੌਰ ਬਰਾੜ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ|
ਅੰਤ ਵਿਚ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਹਾਜ਼ਰ ਪਤਵੰਤਿਆਂ, ਖਿਡਾਰੀਆਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ|
ਮਰਦਾਂ ਦੇ 100 ਮੀਟਰ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੇ ਅਵਿਕਾਸ਼ ਸਿੰਘ ਨੇ ਪਹਿਲਾ, ਖੇਤੀ ਇੰਜਨੀਅਰਿੰਗ ਕਾਲਜ ਦੇ ਬੀਰਕੰਵਰ ਸਿੰਘ ਨੇ ਦੂਸਰਾ ਅਤੇ ਖੇਤੀਬਾੜੀ ਕਾਲਜ ਦੇ ਰਮੇਸ਼ ਨੇ ਤੀਸਰਾ ਸਥਾਨ ਹਾਸਲ ਕੀਤਾ| 200 ਮੀਟਰ ਦੌੜ ਵਿਚ ਪਹਿਲਾ ਖੇਤੀਬਾੜੀ ਕਾਲਜ ਦੇ ਅਵਿਕਾਸ਼ ਸਿੰਘ ਨੇ ਪਹਿਲਾ, ਖੇਤੀ ਇੰਜਨੀਅਰਿੰਗ ਕਾਲਜ ਦੇ ਬੀਰਕੰਵਰ ਸਿੰਘ ਨੇ ਦੂਸਰਾ ਅਤੇ ਖੇਤੀਬਾੜੀ ਕਾਲਜ ਦੇ ਰਮੇਸ਼ ਨੇ ਤੀਸਰਾ ਸਥਾਨ ਹਾਸਲ ਕੀਤਾ| 1500 ਮੀਟਰ ਦੌੜ ਵਿਚ ਖੇਤੀਬਾੜੀ ਕਾਲਜ ਦੇ ਜ਼ਸ਼ਨਦੀਪ ਸਿੰਘ, ਵਸੂਦੇਵ ਅਤੇ ਸਤਨਾਮ ਸਿੰਘ ਗਰੇਵਾਲ ਪਹਿਲੇ ਤਿੰਨ ਸਥਾਨਾਂ ਤੇ ਕ੍ਰਮਵਾਰ ਆਏ| 400 ਮੀਟਰ ਦੌੜ ਵਿਚ ਪਹਿਲਾ ਸਥਾਨ ਖੇਤੀ ਇੰਜਨੀਅਰਿੰਗ ਕਾਲਜ ਦੇ ਜ਼ਸ਼ਨਦੀਪ ਸਿੰਘ ਸੰਧੂ ਨੂੰ ਮਿਲਿਆ ਅਤੇ ਖੇਤੀਬਾੜੀ ਕਾਲਜ ਦੇ ਅਥਲੀਟਾਂ ਰਾਮ ਨਿਵਾਸ ਅਤੇ ਰਮੇਸ਼ ਨੇ ਦੂਜਾ ਤੀਜਾ ਸਥਾਨ ਜਿੱਤੇ| 800 ਮੀਟਰ ਦੌੜ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਜ਼ਸ਼ਨਦੀਪ ਸਿੰਘ ਪਹਿਲੇ ਸਥਾਨ ਤੇ ਰਹੇ, ਦੂਸਰਾ ਸਥਾਨ ਖੇਤੀਬਾੜੀ ਕਾਲਜ ਦੇ ਰਮੇਸ਼ ਅਤੇ ਤੀਸਰਾ ਇਸੇ ਕਾਲਜ ਦੇ ਵਸੂਦੇਵ ਨੂੰ ਮਿਲਿਆ|
ਡਿਸਕਸ ਥਰੋਅ ਵਿਚ ਖੇਤੀਬਾੜੀ ਕਾਲਜ ਦੇ ਅਜਿਤੇਸ਼ ਸਿੰਘ ਚਾਹਲ ਪਹਿਲੇ ਅਤੇ ਰਵਿੰਦਰਪਾਲ ਬਰਾੜ ਦੂਸਰੇ ਸਥਾਨ ਤੇ ਰਹੇ, ਤੀਸਰਾ ਸਥਾਨ ਬੇਸਿਕ ਸਾਇੰਸਜ਼ ਕਾਲਜ ਦੇ ਤਰਨਬੀਰ ਸਿੰਘ ਨੂੰ ਮਿਲਿਆ| ਔਰਤਾਂ ਦੇ ਵਰਗ ਵਿਚ 100 ਮੀਟਰ ਦੌੜ ਬਾਗਬਾਨੀ ਕਾਲਜ ਦੀ ਹਰਸ਼ਿਤਾ ਨੇ ਜਿੱਤੀ, ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਦੂਜੇ ਅਤੇ ਬਾਗਬਾਨੀ ਕਾਲਜ ਦੀ ਅਨਮੋਲਦੀਪ ਕੌਰ ਤੀਸਰੇ ਸਥਾਨ ਤੇ ਰਹੇ| 200 ਮੀਟਰ ਦੌੜ ਵਿਚ ਬਾਗਬਾਨੀ ਕਾਲਜ ਦੀ ਹਰਸ਼ਿਤਾ ਨੇ ਪਹਿਲਾ, ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੀ ਰੀਆ ਮਾਰੀਆ ਫਰਾਂਸਿਸ ਨੇ ਤੀਸਰਾ ਸਥਾਨ ਜਿੱਤਿਆ| 400 ਮੀਟਰ ਵਿਚ ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਨੇ ਪਹਿਲਾ, ਬਾਗਬਾਨੀ ਕਾਲਜ ਦੀ ਹਰਸ਼ਿਤਾ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੀ ਰੀਆ ਮਾਰੀਆ ਫਰਾਂਸਿਸ ਨੇ ਤੀਸਰਾ ਸਥਾਨ ਜਿੱਤਿਆ|