ਸੁਰਜੀਤ 5S (ਫਾਇਵ-ਏ-ਸਾਈਡ) ਮਹਿਲਾ ਹਾਕੀ ਗੋਲਡ ਕੱਪ 5 ਅਪ੍ਰੈਲ ਤੋਂ
ਗਾਖਲ ਗਰੁੱਪ ਅਮਰੀਕਾ ਵੱਲੋਂ ਟੀਮਾਂ ਨੂੰ ਮਿਲਣਗੇ ₹ 2.57 ਲੱਖ ਰੁਪਏ ਦੇ ਨਕਦ ਇਨਾਮ
ਜਲੰਧਰ, 1 ਅਪ੍ਰੈਲ 2024-ਸੁਰਜੀਤ 5S (ਫਾਇਵ-ਏ-ਸਾਈਡ )ਮਹਿਲਾ ਹਾਕੀ ਗੋਲਡ ਕੱਪ 5 ਅਪ੍ਰੈਲ ਤੋਂ ਸਥਾਨਕ ਓਲੰਪੀਅਨ ਸੁਰਜੀਤ ਫਾਇਵ-ਏ-ਸਾਈਡ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਖੇਡਿਆ ਜਾਵੇਗਾ । ਸੁਰਜੀਤ ਹਾਕੀ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਸ਼ੀ ਲੇਖ ਰਾਜ ਨਈਅਰ, ਆਈ.ਆਰ.ਐਸ. (ਸੇਵਾਮੁਕਤ) ਅਨੁਸਾਰ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਾਬਕਾ ਓਲੰਪੀਅਨ ਮਰਹੂਮ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ, ਜੋ 7 ਜਨਵਰੀ, 1984 ਨੂੰ ਜਲੰਧਰ ਨੇੜੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ, ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਵੱਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ।
ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਅਨੁਸਾਰ ਮਹਿਲਾਵਾਂ ਦਾ ਇਹ ਹਾਕੀ ਟੂਰਨਾਂਮੈਂਟ 'ਲੀਗ-ਕਮ-ਨਾਕਆਊਟ' ਦੇ ਆਧਾਰ 'ਤੇ ਖੇਡਿਆ ਜਾਵੇਗਾ। ਦੇਸ਼ ਦੀਆਂ ਅੱਠ ਨਾਮੀ ਟੀਮਾਂ, ਕ੍ਰਮਵਾਰ ਸੈਂਟਰਲ ਰੇਲਵੇ, ਮੁੰਬਈ, ਪੰਜਾਬ ਇਲੈਵਨ, ਸੀ.ਆਰ.ਪੀ.ਐੱਫ. ਦਿੱਲੀ, ਉੱਤਰੀ ਰੇਲਵੇ ਦਿੱਲੀ, ਹਰਿਆਣਾ ਇਲੈਵਨ, ਰੇਲ ਕੋਚ ਫੈਕਟਰੀ, ਕਪੂਰਥਲਾ, ਯੂਨੀਅਨ ਬੈਂਕ ਆਫ ਇੰਡੀਆ, ਮੁੰਬਈ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਸੋਨੀਪਤ ਦੀਆਂ ਟੀਮਾਂ ਭਾਗ ਲੈਣਗੀਆਂ । ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ ।
ਟੂਰਨਾਮੈਂਟ ਦਾ ਫਾਈਨਲ ਮੈਚ 7 ਅਪ੍ਰੈਲ ਨੂੰ ਖੇਡਿਆ ਜਾਵੇਗਾ । ਸੰਧੂ ਨੇ ਅੱਗੇ ਦੱਸਿਆ ਕਿ ਹਾਕੀ ਇੰਡੀਆ ਨੇ ਇਸ ਟੂਰਨਾਮੈਂਟ ਲਈ ਰੋਹਿਨੀ ਬੋਪੰਨਾ ਕਰਨਾਟਕਾ) ਨੂੰ (ਟੈਕਨੀਕਲ ਡਾਇਰੈਕਟਰ), ਜੀ.ਐਸ. ਸੰਘਾ (ਅੰਪਾਇਰ ਮੈਨੇਜਰ), ਰੇਣੂ ਬਾਲਾ, ਹਰਿੰਦਰ ਕੌਰ ਤੇ ਰੇਣੂ (ਸਾਰੇ ਟੈਕਨੀਕਲ ਅਧਿਕਾਰੀ), ਦੀਪਾ (ਦਿੱਲੀ), ਭਾਗਿਆਸ਼੍ਰੀ ਅਗਰਵਾਲ (ਮਹਾਰਾਸ਼ਟਰਾ), ਸ਼ਿਵਾਨੀ ਸ਼ਰਮਾ (ਹਰਿਆਣਾ) ਅਤੇ ਧਰਮਬੀਰ ਕੌਰ, ਪੰਜਾਬ(ਸਾਰੇ ਅੰਪਾਇਰ) ਨਿਯੁਕਤ ਕੀਤੇ ਹਨ ।
ਸ੍ਰੀ ਲਖਵਿੰਦਰਪਾਲ ਸਿੰਘ ਖਹਿਰਾ, ਵਰਕਿੰਗ ਪ੍ਰਧਾਨ ਅਨੁਸਾਰ ਟੀਮਾਂ ਨੂੰ ₹ 2.57 ਲੱਖ ਰੁਪਏ ਦਾ ਨਕਦ ਇਨਾਮ, ਜੋ ਕਿ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਗਾਖਲ ਗਰੁੱਪ ਅਮਰੀਕਾ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਵੱਲੋਂ ਸਪਾਂਸਰ ਕੀਤੇ ਗਏ ਹਨ ਜੋ ਹਰ ਸਾਲ ਸੁਰਜੀਤ ਹਾਕੀ ਟੂਰਨਾਂਮੈਂਟ ਦੀ ਜੇਤੂ ਟੀਮ ਨੂੰ 5.51 ਲੱਖ ਦਾ ਨਗਦ ਇਨਾਮ ਦਿੰਦੇ ਆ ਰਿਹੈ ਹਨ । ਇਸੇ ਪ੍ਰਕਾਰ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਅਤੇ ਬੈਸਟ ਗੋਲਕੀਪਰ ਨੂੰ ₹ 21,000 ਰੁਪਏ ਦੇ ਨਾਲ ਲੇਟ ਸ਼੍ਰੀਮਤੀ ਸਵਦੇਸ਼ ਚੋਪੜਾ ਮੈਮੋਰੀਅਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।
ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਨੇ ਦੱਸਿਆ ਕਿ ਇਹ ਮੈਚ ਸਟੇਡੀਅਮ ਵਿੱਚ 'ਡੇ ਐਂਡ ਫਲੱਡ ਲਾਈਟਸ' ਹੇਠ ਖੇਡੇ ਜਾਣਗੇ ਅਤੇ ਦਰਸ਼ਕਾਂ ਦਾ ਦਾਖਲਾ ਮੁਫ਼ਤ ਹੋਵੇਗਾ । ਖਿਡਾਰੀਆਂ ਤੇ ਅਧਿਕਾਰੀਆਂ ਦੇ ਰਹਿਣ-ਸਹਿਣ, ਟਰਾਂਸਪੋਰਟ, ਸੁਰੱਖਿਆ, ਮੈਡੀਕਲ ਆਦਿ ਦੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।
ਸੁਸਾਇਟੀ ਦੇ ਅਵੇਤਨੀ ਸਕੱਤਰ ਸ੍ਰੀ ਰਣਬੀਰ ਸਿੰਘ ਟੁੱਟ ਨੇ ਦੱਸਿਆ ਕਿ ਟੂਰਨਾਮੈਂਟ ਦੇ ਸੈਮੀਫਾਈਨਲ, ਤੀਜੀ ਤੇ ਚੋਥੀ ਸਥਾਨ ਲਈ ਅਤੇ ਫਾਈਨਲ ਮੈਚ 7 ਅਪ੍ਰੈਲ ਨੂੰ ਖੇਡੇ ਜਾਣਗੇ । ਸ੍ਰੀ ਟੁੱਟ ਨੇ ਅੱਗੇ ਕਿਹਾ ਕਿ ਟੂਰਨਾਮੈਂਟ ਦਾ ਉਦਘਾਟਨ ਅਮਰੀਕਾ ਦੇ ਨਾਮੀ ਖੇਡ ਪ੍ਰਮੋਟਰ, ਉੱਘੇ ਕਿਸਾਨ, ਟਰਾਂਸਪੋਰਟਰ ਸ਼੍ਰੀ ਰਣਜੀਤ ਸਿੰਘ ਟੁੱਟ (ਟੁੱਟ ਬ੍ਰਦਰਜ਼, ਅਮਰੀਕਾ) ਸ਼ਾਮ 6.30 ਵਜੇ ਕਰਨਗੇ ਜਦਕਿ ਸ੍ਰੀ ਸੁਖਦੇਵ ਸਿੰਘ, ਮੈਨੇਜਿੰਗ ਡਾਇਰੈਕਟਰ, ਏ.ਜੀ.ਆਈ. ਇੰਫਰਾ, ਜਲੰਧਰ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨਗੇ । ਟੂਰਨਾਮੈਂਟ ਦੇ ਸਾਰੇ ਮੈਚ ਸੁਰਜੀਤ ਹਾਕੀ ਸੁਸਾਇਟੀ ਦੇ ਯੂ ਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਉਪਰ ਲਾਈਵ ਦਿਖਾਏ ਜਾਣਗੇ ।