ਸਿੱਖਿਆ ਦੇ ਨਾਲ-ਨਾਲ ਨੈਸ਼ਨਲ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਨੇ ਵਿਦਿਆਰਥੀ-ਐਮ.ਡੀ
- ਗੁਰੂ ਨਾਨਕ ਦੇਵ ਪਬਲਿਕ ਸਕੂਲ ਧਰਮਗੜ੍ਹ 'ਚ ਸਲਾਨਾ ਸਮਾਰੋਹ ਕਰਵਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਅਪ੍ਰੈਲ 2024: ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦੇ ਵਿਦਿਆਰਥੀ ਸਿੱਖਿਆ ਨਾਲ-ਨਾਲ ਨੈਸ਼ਨਲ ਖੇਡਾਂ ਵਿੱਚ ਵੀ ਨਾਮਣਾ ਖੱਟ ਰਹੇ ਹਨ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਕਤ ਸਕੂਲ ਵਿੱਚ ਕਰਵਾਏ ਗਏ ਸਲਾਨਾ ਸਮਾਗਮ ਦੌਰਾਨ ਸਕੂਲ ਦੇ ਐਮਡੀ ਅਮਰਜੀਤ ਸਿੰਘ ਨੇ ਕੀਤਾ। ਉਨ੍ਹਾਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਕੌਮੀ ਪੱਧਰ 'ਤੇ ਨਾਮਣਾ ਖੱਟ ਚੁੱਕੀ ਹੈ ਅਤੇ ਸਕੂਲ ਚ ਪੜਦੇ ਲੜਕੇ ਦੇ ਮੁਕਾਬਲੇ ਲੜਕੀਆਂ ਨੇ ਖੇਡਾਂ ਵਿੱਚ ਵੱਧ ਮੱਲਾਂ ਮਾਰਿਆਂ ਨੇ, ਜੋ ਸਮਾਜ ਨੂੰ ਲੜਕੀਆਂ ਨੂੰ ਪੜਾਉਣ ਲਈ ਇੱਕ ਚੰਗੀ ਸੇਧ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅੱਠਵੀਂ ਜਮਾਤ ਦੀਆਂ ਦੋ ਲੜਕੀਆਂ ਨੇ ਮੈਰਿਟ ਲਿਸਟ ਵਿੱਚ ਆਪਣਾ ਨਾਂਅ ਦਰਜ ਕਰਵਾ ਕੇ ਪੂਰੇ ਸੂਬੇ ਵਿੱਚ ਪਿੰਡ ਧਰਮਗੜ੍ਹ ਦਾ ਨਾਂਅ ਰੋਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਲੜਕੀਆਂ ਵੀ ਹੁਣ ਲੜਕਿਆਂ ਵਾਂਗ ਹਰ ਖੇਤਰ ਵਿੱਚ ਅੱਗੇ ਹਨ ਇਸ ਲਈ ਸਮਾਜ ਨੂੰ ਲੜਕੀ ਨੂੰ ਉੱਚ ਸਿੱਖਿਆ ਜਰੂਰ ਦੇਣੀ ਚਾਹੀਦੀ ਹੈ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਗਿੱਧਾ, ਭੰਗੜਾ, ਹਰਿਆਣਵੀਂ , ਰਾਜਸਥਾਨੀ, ਗੁਜਰਾਤੀ ਡਾਂਸ ਅਤੇ ਸਕਿੱਟਾਂ ਦੀ ਬਾਖੂਬੀ ਪੇਸ਼ਕਾਰੀ ਕਰਦਿਆਂ ਭਰੂਣ ਹੱਤਿਆ ਤੇ ‘ਬੇਟੀ ਬਚਾਓ- ਬੇਟੀ ਪੜ੍ਹਾਓ’ ਅਤੇ ਬਜੁਰਗਾਂ ਦੀ ਸੇਵਾਂ ਤੇ ਬਿਰਧ ਆਸ਼ਰਮ ਦੀ ਵੱਧ ਰਹੀ ਗਿਣਤੀ ਵਿਸ਼ੇ 'ਤੇ ਖੇਡੇ ਗਏ ਨਾਕਟਾਂ ਰਾਹੀ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ 'ਤੇ ਕਰਾਰੀ ਸੱਟ ਮਾਰੀ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਸਕੂਲ ਦੇ ਚੇਅਰਮੈਨ ਪ੍ਰੀਤਮ ਸਿੰਘ ਨੇ ਸਿੱਖਿਆ ਦੇ ਖੇਤਰ ਵਿਚ ਇਸ ਸਕੂਲ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸਲਾਘਾਂ ਕਰਦਿਆਂ ਕਿਹਾ ਕਿ ਜਿਥੇ ਇਹ ਸਕੂਲ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ, ਉਥੇ ਹੀ ਪੇਂਡੂ ਖੇਤਰ ਨੂੰ ਸ਼ਹਿਰਾਂ ਦੇ ਮੁਕਾਬਲੇ ਤੋਂ ਵਧੀਆਂ ਸਿੱਖਿਆ ਤੇ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ, ਜੋ ਕਿ ਇਸ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਬੱਚੇ ਹੀ ਦੇਸ਼ ਦੇ ਨਿਰਮਾਤਾ ਹੁੰਦੇ ਹਨ, ਉਨਾਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਚੰਗੇ ਸੰਸਕਾਰ ਦੇਣਾਂ ਹੀ ਉਨ੍ਹਾਂ ਦੀ ਸੰਸਥਾ ਦਾ ਮੁੱਖ ਟਿੱਚਾ ਹੈ। ਉਨ੍ਹਾਂ ਹਰ ਵਿਦਿਆਰਥੀ ਨੂੰ ਮਾਤਾ-ਪਿਤਾ ਸਮੇਤ ਘਰ ਵਿੱਚ ਬਜੁਰਗਾਂ ਦੀ ਸੇਵਾ ਕਰਨ ਦਾ ਸੱਦਾ ਵੀ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਸਕੂਲ ਦੀ ਸਲਾਨਾਂ ਰਿਪੋਰਟ ਪੜਦਿਆਂ ਸਕੂਲ ਦੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸਮੇਤ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪੁੱਜੇ ਹੋਰ ਪੱਤਵੰਤਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਸਟੇਜ ਚਲਾਉਣ ਦੀ ਭੂਮਿਕਾ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਤਨਪ੍ਰੀਤ ਕੌਰ ਅਤੇ ਖੁਸ਼ਮੀਤ ਕੌਰ ਨੇ ਬਾਖੂਭੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹੀਦ ਗੁਰਪ੍ਰੀਤ ਸਿੰਘ ਦੇ ਪਿਤਾ ਧਰਮਪਾਲ ਸਿੰਘ , ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਵਾਇਸ ਚੇਅਰਮੈਨ ਸੁਰਿਦਰ ਸਿੰਘ, ਬਰੈਗਨਮ ਬੀਜ਼ ਸਮਾਰਟ ਸਕੂਲ ਲਾਲੜੂ ਦੀ ਪ੍ਰਿੰਸੀਪਲ ਨੀਲਮ ਬਖਸ਼ੀ, ਕਲਪਨਾ ਸਕੂਲ ਦੇ ਐਮਡੀ ਕੁਲਦੀਪ ਸ਼ਰਮਾ, ਨਿਊ ਸ਼ਿਵਾਲਿਕ ਸਕੂਲ ਦੇ ਐਮਡੀ ਹਰਪ੍ਰੀਤ ਸਿੰਘ, ਮਾਸਟਰ ਸਾਹਿਬ ਸਿੰਘ ਸਮੇਤ ਸਕੂਲ ਸਟਾਫ ਅਤੇ ਵਿਦਿਆਰਥੀ ਦੇ ਮਾਪੇ ਹਾਜਰ ਸਨ ।