ਕਰਨਜੀਤ ਲਵੇਗਾ ਹਾਂਗਕਾਂਗ ਵਿਖੇ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿਚ ਭਾਗ
20 ਅਪ੍ਰੈਲ ਤੋਂ 23 ਅਪ੍ਰੈਲ ਤੱਕ ਹੋ ਰਹੀ ਇਹ ਚੈਂਪੀਅਨਸ਼ਿਪ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਪ੍ਰੈਲ 2024 : ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦਾ ਸੀਨੀਅਰ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ 90 ਕਿਲੋ ਭਾਰ ਵਰਗ ਵਿੱਚ ਮਿਤੀ 20 ਅਪ੍ਰੈਲ ਤੋਂ 23 ਅਪ੍ਰੈਲ ਤੱਕ ਹਾਂਗਕਾਂਗ ਵਿਖੇ ਏਸ਼ੀਅਨ ਜੂਡੋ ਚੈਂਪੀਅਨਸ਼ਿਪ 2024 ਵਿਚ ਭਾਗ ਲੈਣ ਰਿਹਾ ਹੈ। ਇਸ ਚੈਂਪੀਅਨਸ਼ਿਪ ਵਿਚ ਮੈਡਲ ਜੇਤੂ ਖਿਡਾਰੀਆਂ ਨੂੰ ਪੈਰਿਸ ਓਲੰਪਿਕ ਖੇਡਾਂ ਵਿੱਚ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਪੰਜਾਬ ਪੁਲਿਸ ਵਿਚ ਬਤੌਰ ਮੁਲਾਜ਼ਮ ਕੰਮ ਕਰ ਰਿਹਾ ਹੈ।
ਭਾਰਤੀ ਜੂਡੋ ਫੈਡਰੇਸ਼ਨ ਵੱਲੋਂ ਉਸ ਨੂੰ 90 ਕਿਲੋ ਭਾਰ ਵਰਗ ਵਿੱਚ ਨੰਬਰ ਵਨ ਰੈਂਕਿੰਗ ਦਾ ਦਰਜਾ ਦਿੱਤਾ ਹੈ। ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ 2023-24 ਜੈਪੁਰ ਵਿਖੇ ਵੀ ਕਰਨਜੀਤ ਸਿੰਘ ਮਾਨ ਨੇ 90 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਸੀ। ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਕਰਨਜੀਤ ਸਿੰਘ ਮਾਨ ਦਾ ਮੁਕਾਬਲਾ ਫਿਲਪੀਨਜ਼ ਦੇ ਖਿਡਾਰੀ ਗੈਰੀ ਨਾਲ ਹੋਵੇਗਾ। ਕਰਨਜੀਤ ਸਿੰਘ ਮਾਨ ਤਜਰਬੇ ਕਾਰ ਖਿਡਾਰੀ ਹੈ ਜਿਸ ਨੇ ਵਿਸ਼ਵ ਪੁਲਿਸ ਖੇਡਾਂ ਕਨੇਡਾ ਵਿਚ ਗੋਲਡ ਮੈਡਲ ਜਿੱਤਿਆ ਸੀ। ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਤੀਸ਼ ਕੁਮਾਰ, ਨਵੀਨ ਸਲਗੋਤਰਾ ਬਲਵਿੰਦਰ ਕੌਰ, ਅਮਰਜੀਤ ਸਿੰਘ ਮਨੀ, ਮਿਤ੍ਰ ਬਾਸੂ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਵਰਿੰਦਰ ਸਿੰਘ ਸੰਧੂ ਸਾਬਕਾ ਐਸ ਐਸ ਪੀ, ਅਤੇ ਜੂਡੋ ਕੋਚ ਅਤੁਲ ਕੁਮਾਰ, ਦਿਨੇਸ਼ ਸ਼ਰਮਾ ਨੇ ਆਸ ਪ੍ਰਗਟਾਈ ਹੈ ਕਿ ਕਰਨਜੀਤ ਸਿੰਘ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕਰੇਗਾ।