ਤਾਜ਼ਾ ਓਲਿੰਪਕ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਸਿਰਜੇ ਗਏ ਪਲਾਂ ਨੂੰ ਯੁੱਗਾਂ ਵਾਂਗ ਸਾਂਭਣ ਦੀ ਲੋੜ
-ਪੰਜਾਬੀ ਯੂਨੀਵਰਸਿਟੀ ਵਿਖੇ ਈ. ਐੱਮ. ਆਰ. ਸੀ. ਵਿਖੇ ਦਲਜੀਤ ਅਮੀ ਰਚਾਇਆ ਸੰਵਾਦ
ਪਟਿਆਲਾ, 13 ਅਗਸਤ 2024 - ਪੰਜਾਬੀ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵੱਲੋਂ ਰਵੀ ਖੋਜ ਸਕੂਲ, ਪਟਿਆਲਾ ਦੇ ਸਹਿਯੋਗ ਨਾਲ਼ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਈ. ਐੱਮ. ਆਰ. ਸੀ. ਡਾਇਰੈਕਟਰ ਦਲਜੀਤ ਅਮੀ ਵੱਲੋਂ ਰਚਾਏ ਗਏ ਇਸ ਸੰਵਾਦ ਵਿੱਚ ਓਲਿੰਪਕ ਖੇਡਾਂ ਵਿੱਚ ਦਿਲ ਜਿੱਤਣ ਵਾਲ਼ੇ ਪੰਜਾਬੀ ਖਿਡਾਰੀਆਂ ਦੇ ਹਵਾਲੇ ਨਾਲ਼ ਗੱਲ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਵੇਲ਼ੇ ਜਦੋਂ ਖਿਡਾਰੀ ਨੀਰਜ ਚੋਪੜਾ, ਅਰਸ਼ਦ ਨਦੀਮ ਅਤੇ ਉਨ੍ਹਾਂ ਦੀਆਂ ਮਾਵਾਂ ਦੇ ਹਵਾਲੇ ਨਾਲ਼ ਪੰਜਾਬ ਦੀ ਗੱਲ ਹੋ ਰਹੀ ਹੈ ਤਾਂ ਇਸ ਪੰਜਾਬ ਦਾ ਨਕਸ਼ਾ ਸਿਰਫ਼ ਉਹ ਨਹੀਂ ਰਹਿ ਜਾਂਦਾ ਜੋ ਰਾਜਨੀਤਿਕ ਅਤੇ ਭੂਗੋਲਿਕ ਹੱਦਾਂ ਅੰਦਰ ਜਕੜਿਆ ਹੈ ਬਲਕਿ ਇਹ ਉਹ ਨਕਸ਼ਾ ਹੈ ਜੋ ਲੋਕ-ਮਨਾਂ ਉੱਤੇ ਉੱਕਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਇਨ੍ਹਾਂ ਖਿਡਾਰੀਆਂ ਨੇ ਆਪਣੇ ਬਿਆਨੀਏ ਨਾਲ਼ ਜਿਸ ਤਰ੍ਹਾਂ ਦੇ ਇਤਿਹਾਸਿਕ ਪਲਾਂ ਨੂੰ ਸਿਰਜ ਕੇ ਰੱਖ ਦਿੱਤਾ ਹੈ ਜੇ ਉਹ ਪਲ ਵਾਕਿਆ ਹੀ ਮਹੱਤਵ ਰਖਦੇ ਹਨ ਤਾਂ ਹੁਣ ਸਾਡੇ ਅਦਾਰਿਆਂ, ਵਿਦਵਾਨਾਂ ਅਤੇ ਸੂਝਵਾਨ ਲੋਕਾਂ ਦਾ ਇਹ ਫਰਜ਼ ਹੈ ਕਿ ਉਹ ਇਨ੍ਹਾਂ ਪਲਾਂ ਨੂੰ ਯੁੱਗ ਵਾਂਗ ਸਾਂਭ ਕੇ ਰੱਖਣ ਅਤੇ ਇਸ ਦੀ ਨਿਰੰਤਰਤਾ ਵਿੱਚ ਗੱਲ ਅੱਗੇ ਤੋਰਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ।
ਹੁਣ ਸਾਡੀ ਵਾਰੀ ਹੈ ਕਿ ਅਸੀਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਨ੍ਹਾਂ ਪਲਾਂ ਦੀ ਬਦੌਲਤ ਪੈਦਾ ਹੋਏ ਸਦਭਾਵਨਾ ਵਾਲ਼ੇ ਮਾਹੌਲ ਦੀ ਬਰਕਰਾਰੀ ਲਈ ਯਤਨ ਕਰੀਏ ਅਤੇ ਆਪੇ ਨੂੰ ਪੜਚੋਲੀਏ। ਵਿਨੇਸ਼ ਫੋਗਟ ਅਤੇ ਉਸ ਦੀਆਂ ਬਾਕੀ ਭੈਣਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਮਿਸਾਲ ਰਾਹੀਂ ਇਹ ਬਾਖ਼ੂਬੀ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਉਨ੍ਹਾਂ ਦੀ ਪ੍ਰਾਪਤੀ ਨੇ ਕੁੱਝ ਕੁ ਸਮੇਂ ਵਿੱਚ ਹੀ ਹਰਿਆਣੇ ਦੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਅਤੇ ਇਸ ਪ੍ਰਤੀ ਆਮ ਲੋਕਾਂ ਦੇ ਰਵਾਇਤੀ ਨਜ਼ਰੀਏ ਨੂੰ ਬਦਲ ਕੇ ਰੱਖ ਦਿੱਤਾ ਹੈ। ਦਲਜੀਤ ਅਮੀ ਨੇ ਕਿਹਾ ਕਿ ਇਤਿਹਾਸ ਅਤੇ ਸੱਭਿਆਚਾਰ ਵਿੱਚ ਇੱਕੋ ਮਾਮਲਾ ਵੱਖ-ਵੱਖ ਤਰ੍ਹਾਂ ਦਰਜ ਹੁੰਦਾ ਹੈ। ਜਿਸ ਪਲ ਨੇਮ ਅਤੇ ਇਤਿਹਾਸ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੰਦਾ ਹੈ ਉਸੇ ਪਲ ਹੀ ਲੋਕ ਮਨ ਉਸ ਨੂੰ ਯੋਗ ਕਬੂਲ ਕਰਦਾ ਹੈ। ਇਹ ਪਲ ਮਨੁੱਖਾ ਅਹਿਸਾਸ ਦਾ ਬੇਸ਼ਕੀਮਤੀ ਪਲ ਹੈ ਜੋ ਯੁੱਗ ਜਿੰਨਾ ਮਾਇਨਾ ਰੱਖਦਾ ਹੈ।
ਪ੍ਰੋ . ਸੁਰਜੀਤ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਇਸ ਵਿਸ਼ੇ ਉੱਤੇ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅਕਸਰ ਲੋਕ ਖੇਡਾਂ ਨੂੰ ਲੜਾਈਆਂ ਵਾਂਗ ਲੈ ਲੈਂਦੇ ਹਨ ਜਦੋਂ ਕਿ ਹੋਣਾ ਉਲਟ ਚਾਹੀਦਾ ਹੈ ਕਿ ਲੜਾਈਆਂ ਨੂੰ ਵੀ ਖੇਡਾਂ ਵਾਂਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਹੇਂ ਪੰਜਾਬਾਂ ਦੇ ਲੋਕ ਜਦੋਂ ਵੀ ਕਿਸੇ ਹੋਰ ਤੀਜੀ ਥਾਂ ਉੱਤੇ ਮਿਲਦੇ ਹਨ ਤਾਂ ਅਕਸਰ ਹੀ ਉਨ੍ਹਾਂ ਵਿੱਚ ਇੱਕ ਗੂੜ੍ਹੀ ਕਿਸਮ ਦੀ ਸਾਂਝੇਦਾਰੀ ਕਾਇਮ ਹੋ ਜਾਂਦੀ ਹੈ। ਅਜਿਹਾ ਹੋਣਾ ਦੋਹਾਂ ਧਿਰਾਂ ਦੇ ਆਪਸੀ ਪਿਆਰ ਕਾਰਨ ਹੀ ਸੰਭਵ ਹੁੰਦਾ ਹੈ।