ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਖੇਡ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨ ਲਈ ਵਾਲੀਬਾਲ ਟੂਰਨਾਮੈਂਟ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ 14 ਅਗਸਤ 2024: ਸਿਹਤਮੰਦ ਜੀਵਨ ਸ਼ੈਲੀ ਲਈ ਸਰੀਰਕ ਤੰਦਰੁਸਤੀ ਜ਼ਰੂਰੀ ਹੈ ਨੂੰ ਧਿਆਨ ਵਿੱਚ ਰੱਖਦਿਆਂ ਐਚਐਮਈਐਲ (ਐਸਪੀਸੀਐਲ-ਮਿੱਤਲ ਐਨਰਜੀ ਲਿਮਟਿਡ) ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਖੇਡ ਗਤੀਵਿਧੀਆਂ ਦੇ ਪ੍ਰੋਗਰਾਮ ਤਹਿਤ ਪਿੰਡ ਕਮਾਲੂ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਿਸ ਵਿਚ ਪਿੰਡ ਬੰਗੀ ਕਲਾਂ,ਬੰਗੀ ਨਿਹਾਲ ਸਿੰਘ ਵਾਲਾ,ਬੰਗੀ ਦੀਪਾ, ਲਾਲੇਆਣਾ, ਰਾਮਾ ਪਿੰਡ ਕਮਾਲੂ ਏ ਅਤੇ ਕਮਾਲੂ ਬੀ, ਰਾਮਾ ਮੰਡੀ ਸਮੇਤ ਲਗਭਗ 10 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੌਰਾਨ ਸਾਰੀਆਂ ਟੀਮਾਂ ਨੇ ਪੂਰੇ ਉਤਸ਼ਾਹ ਅਤੇ ਜਨੂੰਨ ਨਾਲ ਖੇਡ ਦਾ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ਦੌਰਾਨ ਪਿੰਡ ਬੰਗੀ ਨਿਹਾਲ ਦੀ ਟੀਮ ਪਹਿਲੇ ਅਤੇ ਪਿੰਡ ਬੰਗੀ ਕਲਾਂ ਦੀ ਟੀਮ ਦੂਜੇ ਸਥਾਨ 'ਤੇ ਰਹੀ। ਇਸ ਮੌਕੇ ਕਮਾਲੂ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ, ਪਰਮਜੀਤ ਸਿੰਘ, ਜੀਤੂ ਸਿੰਘ, ਗੁਰਜੰਟ ਸਿੰਘ ਅਤੇ ਬੰਟੀ ਸਿੰਘ ਹਾਜ਼ਰ ਸਨ ਜਿਨ੍ਹਾਂ ਨੇ ਟੂਰਨਾਮੈਂਟ ਵਿਚ ਸ਼ਾਮਲ ਟੀਮਾਂ ਦਾ ਹੌਸਲਾ ਵਧਾਇਆ।
ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਖੇਡ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਐਚਐਮਈਐਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਐਚਐਮਈਐਲ ਵੱਲੋਂ ਇਹ ਇੱਕ ਵਿਲੱਖਣ ਉਪਰਾਲਾ ਹੈ ਜਿਸ ਕਾਰਨ ਨੌਜਵਾਨ ਨਾ ਸਿਰਫ ਆਪਣੀ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਹੋ ਰਹੇ ਹਨ ਬਲਕਿ ਨਸ਼ਿਆਂ ਦੇ ਪ੍ਰਭਾਵਾਂ ਤੋਂ ਵੀ ਬਚ ਰਹੇ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਓਧਰ ਰਿਫਾਇਨਰੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ 59 ਪਿੰਡਾਂ ਵਿੱਚ ਅਜਿਹੇ ਖੇਡ ਟੂਰਨਾਮੈਂਟ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ।