ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਬਾਲਪੁਰ ਸਕੂਲ ਦੇ ਵਿਦਿਆਰਥੀ ਛਾਏ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 14 ਅਗਸਤ 2024:- ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਦੀ ਲੜੀ ਵਿੱਚ ਬਲਾਕ ਜਖਵਾਲੀ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਦੇ ਬਲਾਕ ਪੱਧਰੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਸਾਲਾ ਵਰਗ ਦੇ ਕ੍ਰਿਕਟ ਮੁਕਾਬਲਿਆਂ, 17 ਸਾਲਾ ਵਰਗ (ਮੁੰਡੇ) ਦੇ ਖੋ-ਖੋ ਮੁਕਾਬਲਿਆਂ ਅਤੇ 19 ਸਾਲਾ ਵਰਗ (ਮੁੰਡੇ) ਵਿੱਚ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ| ਇਸ ਤੋਂ ਇਲਾਵਾ 17 ਸਾਲਾ ਵਰਗ (ਮੁੰਡੇ) ਵਿੱਚ
ਹੈੰਡਬਾਲ ਮੁਕਾਬਲਿਆਂ ਵਿੱਚ ਵੀ ਬਾਲਪੁਰ ਸਕੂਲ ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ |
ਜ਼ਿਕਰਯੋਗ ਹੈ ਕਿ ਸਕੂਲ ਦੀਆਂ ਸਾਰੀਆਂ ਟੀਮਾਂ ਸਕੂਲ ਦੇ ਪੀ ਟੀ ਆਈ ਅਧਿਆਪਕ ਅਵਤਾਰ ਸਿੰਘ ਦੀ ਅਗਵਾਈ ਵਿੱਚ ਤਿਆਰੀ ਕਰਕੇ ਭਾਗ ਲੈਣ ਲਈ ਮੈਦਾਨ ਵਿੱਚ ਨਿੱਤਰੀਆਂ | ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਰੰਧਾਵਾ ਸਿੰਘ ਨੇ ਸਾਰੇ ਸਟਾਫ਼ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਵਿਦਿਆਰਥੀਆਂ ਵਿੱਚ ਸਕੂਲ ਪੱਧਰ ਤੇ ਹੀ ਖੇਡਾਂ ਦੀ ਲਗਨ ਲੱਗ ਜਾਵੇ ਤਾਂ ਉਹ ਵੱਡੇ ਹੋ ਕੇ ਖੇਡਾਂ ਵਿੱਚ ਖੂਬ ਮੱਲਾਂ ਮਾਰਨ ਦੇ ਕਾਬਲ ਹੋ ਜਾਂਦੇ ਹਨ ਅਤੇ ਆਪਣੇ ਦੇਸ਼ ਦਾ ਸਿਰ, ਅੰਤਰਰਾਸ਼ਟਰੀ ਪੱਧਰ ਤੇ ਉੱਚਾ ਕਰਦੇ ਹਨ |