ਸੀ ਐਮ ਦੀ ਯੋਗਸ਼ਾਲਾ ਤਹਿਤ ਖਰੜ ਵਿਖੇ ਲਗਾਈਆਂ ਜਾਂਦੀਆਂ ਯੋਗਸ਼ਲਾਵਾਂ ਦਾ ਲੋਕਾਂ ਨੂੰ ਹੋ ਰਿਹਾ ਹੈ ਫਾਇਦਾ: ਐੱਸ ਡੀ ਐਮ ਗੁਰਮੰਦਰ ਸਿੰਘ
ਹਰਜਿੰਦਰ ਸਿੰਘ ਭੱਟੀ
- ਟ੍ਰੇਨਰ ਅੰਜੂ ਸ਼ਰਮਾ ਵੱਲੋਂ ਲਗਾਈਆਂ ਜਾਂਦੀਆਂ 6 ਯੋਗਸ਼ਲਾਵਾਂ ਨੇ ਲੋਕਾਂ ਨੂੰ ਕੀਤਾ ਰੋਗ ਮੁਕਤ
- ਮੁਫਤ ਯੋਗਾ ਕੈਂਪ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਨਵੰਬਰ, 2024 - ਸੀ ਐਮ ਦੀ ਯੋਗਸ਼ਾਲਾ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੱਗਦੀਆਂ ਮੁਫਤ ਯੋਗਸ਼ਲਾਵਾਂ ਪੰਜਾਬ ਵਾਸੀਆਂ ਦੀ ਤੰਦਰੁਸਤੀ ਲਈ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਇੱਕ ਬਹੁਤ ਵੱਡਾ ਤੋਹਫਾ ਹੈ। ਇੰਨ੍ਹਾਂ ਯੋਗਾ ਕਲਾਸਾਂ ਦਾ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ।
ਐਸ.ਡੀ.ਐਮ, ਖਰੜ, ਗੁਰਮੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਲਗਾਏ ਜਾ ਰਹੇ ਯੋਗਾ ਸੈਸ਼ਨਾਂ ਵਿੱਚ ਹੁਣ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜਦੋਂ ਕੋਈ ਭਾਗੀਦਾਰ ਯੋਗਾ ਨਾਲ ਆਪਣੀਆਂ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਮਹਿਸੂਸ ਕਰਦੇ ਹਨ, ਤਾਂ ਉਹ ਯੋਗ ਆਸਣਾਂ ਦੇ ਲਾਭ ਦੱਸਦੇ ਹੋਏ ਆਪਣੀ ਜਾਣ ਪਛਾਣ ਵਾਲੇ ਅਤੇ ਆਂਢ-ਗੁਆਂਢ ਦੇ ਲੋਕਾਂ ਨੂੰ ਵੀ ਯੋਗ ਅਭਿਆਸ ਲਈ ਪ੍ਰੇਰਿਤ ਕਰਦੇ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦੀ ਭਾਗੀਦਾਰੀ ਹੁੰਦੀ ਹੈ ਅਤੇ ਹਰ ਕੋਚ ਵੱਲੋਂ ਪ੍ਰਤੀ ਦਿਨ ਪੰਜ ਤੋਂ ਛੇ ਸੈਸ਼ਨ (ਯੋਗਾ ਕਲਾਸਾਂ) ਲਾਈਆਂ ਜਾਦੀਆਂ ਹਨ।
ਐੱਸ ਡੀ ਐਮ ਗੁਰਮੰਦਰ ਸਿੰਘ ਅਨੁਸਾਰ ਖਰੜ ’ਚ ਮਾਹਿਰ ਯੋਗਾ ਟ੍ਰੇਨਰ ਅੰਜੂ ਸ਼ਰਮਾ ਵੱਲੋਂ ਰੋਜਾਨਾ 6 ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਐਸ.ਬੀ.ਪੀ., ਹੋਮਜ਼, ਸੈਕਟਰ-116, ਖਰੜ ਵਿਖੇ ਪਹਿਲੀ ਕਲਾਸ ਸਵੇਰੇ 5:30 ਤੋਂ 6:30 ਵਜੇ ਤੱਕ ਲਗਾਈ ਜਾਂਦੀ ਹੈ। ਦੂਸਰੀ ਕਲਾਸ ਐਗਜ਼ੋਟੀਆ ਹੋਮਜ਼, ਸੈਕਟਰ,115, ਖਰੜ ਵਿਖੇ ਸੇਵੇਰੇ 6:40 ਤੋਂ 7:40 ਵਜੇ ਤੱਕ ਹੁੰਦੀ ਹੈ। ਤੀਸਰੀ ਕਲਾਸ ਡੀਵਾਈਨ ਵਰਲਡ, ਸੈਕਟਰ-115, ਖਰੜ ਵਿਖੇ ਸਵੇਰੇ 7:50 ਤੋਂ 8:50 ਵਜੇ ਤੱਕ ਲਗਾਈ ਜਾਂਦੀ ਹੈ। ਚੌਥੀ ਕਲਾਸ ਨੂਰ ਹੋਮਜ਼, ਸੈਕਟਰ-115, ਖਰੜ ਵਿਖੇ ਸਵੇਰੇ 9:30 ਤੋਂ 10:30 ਵਜੇ ਤੱਕ ਹੁੰਦੀ ਹੈ। ਪੰਜਵੀਂ ਕਲਾਸ ਡੀਵਾਈਨ ਗਲੋਬਲ ਹੋਮਜ਼, ਸੈਕਟਰ-115, ਖਰੜ ਵਿਖੇ ਸਵੇਰੇ 11.00 ਤੋਂ 12:00 ਵਜੇ ਤੱਕ ਅਤੇ ਛੇਵੀਂ ਕਲਾਸ ਡੀਵਾਈਨ ਵਰਲਡ, ਸੈਕਟਰ-115, ਖਰੜ ਵਿਖੇ ਸ਼ਾਮ ਨੂੰ 4:00 ਵਜੇ ਤੋਂ 5:00 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆਂ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਟ੍ਰੇਨਰ ਅੰਜੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਯੋਗਾ ਕਰਦੇ ਭਾਗੀਦਾਰਾਂ ਪ੍ਰੀਅੰਕਾ, ਮੋਹਿਤ, ਰੁਚੀ ਵੱਲੋਂ ਰੋਜ਼ਾਨਾ ਕੀਤੇ ਜਾਣ ਵਾਲੇ ਯੋਗ ਆਸਣਾਂ ਨਾਲ ਭਾਰ ਘਟਾਇਆ ਹੈ। ਤਨੂੰ ਵੱਲੋਂ ਸਰਵਾਈਕਲ, ਹਰਵਿੰਦਰ, ਮਨੀ ਵੱਲੋਂ ਸ਼ੂਗਰ ਤੋਂ ਨਿਜਾਤ ਪਾਈ ਗਈ ਹੈ। ਇਸੇ ਤਰ੍ਹਾਂ ਹੀ ਭਾਗੀਦਾਰ ਨੀਨਾ ਅਤੇ ਸਪਨਾ ਵੱਲੋਂ ਯੋਗਾ ਰਾਹੀਂ ਡਿਪਰੈਸ਼ਨ ਤੋਂ ਛੁਟਕਾਰਾ ਪਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮਹਿਲਾਵਾਂ ਯੋਗਾ ਕਲਾਸਾਂ ਨਾਲ ਆਪਣੀਆਂ ਬਹੁਤ ਸਾਰੀਆਂ ਅਜਿਹੀਆਂ ਸਰੀਰਕ ਬਿਮਾਰੀਆਂ ਤੋਂ ਨਿਜਾਤ ਪਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਕੋਈ ਵੀ ਵਿਅਕਤੀ ਹਿੱਸਾ ਬਣ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ cmdiyogshala.punjab.gov.in 'ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।