ਹਰੀਸ਼ ਕਾਲੜਾ
ਰੂਪਨਗਰ, 28 ਨਵੰਬਰ 2020 - ਜ਼ਿਲ੍ਹੇ ਅੰਦਰ ਕੋਵਿਡ-19 ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਨਿਰੰਤਰ ਯਤਨਸ਼ੀਲ ਹੈ, ਇਸੇ ਤਹਿਤ ਹੀ ਰਾਜ ਪੱਧਰ ਤੋਂ ਭੇਜੀ ਗਈ ਆਈ.ਈ.ਸੀ. ਵੈਨ ਨੂੰ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ ਇੱਕ ਮਹੀਨਾ ਲਗਾਤਾਰ ਪੂਰੇ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਅਤੇ ਨਗਰਾਂ ਦਾ ਦੌਰਾ ਕਰੇਗੀ। ਖਾਸ ਕਰ ਉਹਨਾਂ ਪਿੰਡਾਂ ਅਤੇ ਕਸਬਿਆਂ ਵਿੱਚ ਭੇਜਿਆ ਜਾਵੇਗਾ ਜਿੱਥੇ ਮਾਇਕਰੋ ਕੰਟੇਮੈਂਟ ਜੋਨ ਬਣਾਏ ਗਏ ਹਨ। ਇਸ ਵੈਨ ਵਿੱਚ ਐਲ.ਈ.ਡੀ. ਡਿਸਪਲੇ ਰਾਹੀਂ ਲੋਕਾਂ ਨੂੰ ਕੋਵਿਡ ਤੋ ਬਚਾਅ, ਕੋਵਿਡ ਹੋਣ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਇਲਾਜ ਤੇ ਟੈਸਟਿੰਗ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਇਸ ਆਈ.ਈ.ਸੀ. ਵੈਨ ਦੇ ਨਾਲ ਇੱਕ ਮੈਡੀਕਲ ਟੀਮ ਦੀ ਤਾਇਨਾਤੀ ਵੀ ਕੀਤਾ ਜਾ ਰਹੀ ਹੈ ਜੋ ਕਿ ਵੈਨ ਦੇ ਰੂਟ ਦੇ ਨਾਲ-ਨਾਲ ਘੁੰਮ ਕੇ ਵੱਖ-ਵੱਖ ਇਲਾਕਿਆਂ ਵਿੱਚ ਕੋਵਿਡ ਟੈਸਟ ਕਰੇਗੀ।ਇਹ ਵੈਨ 2 ਦਿਨ ਰੂਪਨਗਰ ਸ਼ਹਿਰ, 06 ਦਿਨ ਸ਼੍ਰੀ ਚਮਕੋਰ ਸਾਹਿਬ, 04 ਦਿਨ ਨੂਰਪੁਰਬੇਦੀ , 01 ਦਿਨ ਨੰਗਲ, 01 ਦਿਨ ਸ਼੍ਰੀ ਆਨੰਦਪੁਰ ਸਾਹਿਬ, 05 ਦਿਨ ਕੀਰਤਪੁਰ ਸਾਹਿਬ ਅਤੇ 06 ਦਿਨ ਭਰਤਗੜ੍ਹ ਦੇ ਇਲਾਕਿਆਂ ਦਾ ਦੋਰਾ ਕਰੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਨ ਰਾਹੀਂ ਦਿੱਤੀ ਜਾਣਕਾਰੀ ਦਾ ਵੱਧ ਤੋ ਵੱਧ ਲਾਭ ਉਠਾਉਣ ਅਤੇ ਬਿਨਾਂ ਕਿਸੇ ਡਰ ਤੋਂ ਕੋਵਿਡ ਟੈਸਟ ਕਰਵਾਉਣ ਲਈ ਅੱਗੇ ਆਉਣ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਮੈਡਮ ਸੰਤੇਸ਼ ਕੁਮਾਰੀ, ਡਾ. ਸੁਮਿਤ ਸ਼ਰਮਾ ਐਪੀਡੀਮੋਲੋਜਿਸਟ, ਪ੍ਰਦੀਪ ਕੁਮਾਰ ਸੀ.ਏ. ਅਤੇ ਬਾਕੀ ਸਟਾਫ ਹਾਜਰ ਸਨ।