- ਕਿਹਾ-ਹਾਕੀ ਦੀ ਨਰਸਰੀ ਮਿੱਠਾਪੁਰ ਨੇ ਭਾਰਤੀ ਹਾਕੀ ਨੂੰ ਦਿੱਤੇ ਮਹਾਨ ਖਿਡਾਰੀ
ਜਲੰਧਰ, 28 ਨਵੰਬਰ 2020 - ਸ਼ਨੀਵਾਰ ਨੂੰ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਮਿੱਠਾਪੁਰ ਹਾਕੀ ਅਕੈਡਮੀ ਵਿਚ ਨੌਜਵਾਨ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਹਾਕੀ ਸਟਿੱਕਸ ਦੀ ਵੰਡ ਕੀਤੀ। ਯੂਥ ਸਪੋਰਟਸ ਕਲੱਬ ਹਾਕੀ ਮਿੱਠਾਪੁਰ ਵੱਲੋਂ ਕਰਵਾਏ ਗਏ ਸਾਦੇ ਸਮਾਰੋਹ ਵਿੱਚ ਨੌਜਵਾਨ ਖਿਡਾਰੀਆਂ ਦੀ ਹੌਸਲਾਅਫਜ਼ਾਈ ਕੀਤੀ।
ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮਿੱਠਾਪੁਰ ਹਾਕੀ ਦੀ ਨਰਸਰੀ ਹੈ, ਜਿਸ ਨੇ ਦੇਸ਼ ਨੂੰ ਕਈ ਹਾਕੀ ਖਿਡਾਰੀ ਦਿੱਤੇ ਹਨ। ਇਥੋਂ ਨਿਕਲੇ 8 ਖਿਡਾਰੀ ਮੌਜੂਦਾ ਹਾਕੀ ਟੀਮ ਦਾ ਹਿੱਸਾ ਹਨ, ਜਿਨ੍ਹਾਂ ਵਿੱਚ ਭਾਰਤੀ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ ਤੇ ਤਲਵਿੰਦਰ ਸਿੰਘ ਵੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਮਿੱਠਾਪੁਰ ਹਾਕੀ ਅਕੈਡਮੀ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ, ਜਿਸ ਦੀ ਕਈ ਮਹਾਨ ਖਿਡਾਰੀ ਖੁਦ ਦੇਖ-ਰੇਖ ਕਰ ਰਹੇ ਹਨ। ਇਸ ਤੋਂ ਇਲਾਵਾ ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਵੀ ਬਲਵਿੰਦਰ ਸਿੰਘ ਤੇ ਸਰਬਜੀਤ ਸਿੰਘ ਵੱਲੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਡੀਸੀਪੀ ਅਮਰੀਕ ਸਿੰਘ ਪਵਾਰ, ਅਲਫਾ ਹਾਕੀ ਦੇ ਮਾਲਿਕ ਨਿਤਿਨ ਮਹਾਜਨ, ਜਤਿਨ ਮਹਾਜਨ, ਸਾਬਕਾ ਹਾਕੀ ਖਿਡਾਰੀ ਸੁਰਿੰਦਰਪਾਲ ਸਿੰਘ, ਕੁਲਦੀਪ ਸਿੰਘ, ਰਣਬੀਰ ਸਿੰਘ ਵੀ ਮੌਜੂਦ ਸਨ।