ਅਸ਼ੋਕ ਵਰਮਾ
ਬਠਿੰਡਾ, 2 ਦਸੰਬਰ 2020 - ਸਿਹਤ ਵਿਭਾਗ ਵੱਲੋਂ ਵਿਸ਼ਵ ਏਡਜ ਦਿਵਸ ਤੇ ਐਚ.ਆਈ.ਵੀ. ਲਾਗ ਦੀ ਰੋਕਥਾਮ ਲਈ ‘ਜਾਣਕਾਰੀ ਹੀਂ ਬਚਾਉ ਹੈ’ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਲਾਏ ਇਸ ਜਾਗਰੂਕਤਾ ਕੈਂਪ ਦੌਰਾਨ ਬਲਾਕ ਐਜੂਕੇਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਪ੍ਰਭਾਵਿਤ ਵਿਅਕਤੀ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਏਡਜ ਗ੍ਰਸਤ ਰੋਗੀ ਦੇ ਖੂਨ, ਵੀਰਜ, ਪਲਾਜ਼ਮਾ ਅਤੇ ਪਲੇਟਲੈਟਸ ਰਾਹੀਂ ਵੀ ਇਹ ਰੋਗ ਅੱਗੇ ਫੈਲਦਾ ਹੈ ਅਤੇ ਉਹ ਏਡਜ ਵਰਗੀਆਂ ਬਿਮਾਰਿਆਂ ਦਾ ਸਿਕਾਰ ਹੋ ਜਾਂਦਾ ਹੈ।
ਇਸ ਦੇ ਲੱਛਣ ਜੋੜਾਂ ਅਤੇ ਪੱਠਿਆਂ ਵਿੱਚ ਤੇਜ ਦਰਦ, ਬੁਖਾਰ, ਭਾਰ ਦਾ ਘਟਣਾ ਸ਼ੁਰੂ ਹੋਣਾ ,ਖਾਂਸੀ ,ਦਸਤ ਰੋਗ ਤੋਂ ਇਲਾਵਾ ਰੋਗੀ ਦੇ ਮੂੰਹ ਅਤੇ ਭੋਜਣ ਵਾਲੀ ਨਾਲੀ ਵਿੱਚ ਛਾਲੇ ਵੀ ਹੋ ਜਾਂਦੇ ਹਨ। ਅਜਿਹੇ ਰੋਗੀ ਨਾਲ ਹੱਥ ਮਿਲਾਉਣ ,ਬੈਠਣ ਘੁੰਮਣ ਅਤੇ ਖਾਣਾ ਖਾਣ ਆਦਿ ਨਾਲ ਇਹ ਰੋਗ ਨਹੀਂ ਹੁੰਦਾ। ਬਲਾਕ ਐਜੂਕੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਜਿਲ੍ਹਾ ਪੱਧਰ ਤੇ ਏ.ਆਰ.ਟੀ ਸੈਂਟਰ ਵਿਖੇ ਏਡਜ ਗ੍ਰਸਿਤ ਵਿਅਕਤੀ ਨੂੰ ਮੁਫਤ ਦਵਾਈ, ਸਮੇਂ ਸਮੇਂ ਤੇ ਟੈਸਟਿੰਗ ਅਤੇ ਕੌਸਲਿੰਗ ਵੀ ਕੀਤੀ ਜਾਂਦੀ ਹੈ ਅਤੇ ਦਵਾਈ ਖਾਣ ਨਾਲ ਲੰਮੀ ਉਮਰ ਤੱਕ ਰੋਗੀ ਜੀਵਤ ਰਹਿ ਸਕਦਾ ਹੈ। ਉਨ੍ਹਾਂ ਦੱਸਿਆ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਵੀ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਏਡਜ ਦੀ ਰੋਕਥਾਮ ਲਈ ਸਮਾਜ ਨੂੰ ਹੋਰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ।