ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2020 - ਰੈਡ ਕਰਾਸ ਸੁਸਾਇਟੀ ਦੀ ਸਹਿਯੋਗੀ ਸੰਸਥਾ ਸੇਂਟ ਜੌਹਨ ਐਂਬੂਲੈਂਸ ਵੱਲੋਂ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕੋਵਿਡ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦਸੰਬਰ ਬੈਚ ਦੇ 2 ਗਰੁੱਪਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਰੈਡ ਕਰਾਸ ਭਵਨ ਵਿਖੇ ਕਰਵਾਈ ਜਾ ਰਹੀ ਇਸ ਟ੍ਰੇਨਿੰਗ ਵਿੱਚ ਫਸਟ ਏਡ ਦੇ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਸਿਖਿਆਰਥੀਆਂ ਨੂੰ ਫਸਟ ਏਡ ਦੀ ਮਹੱਤਤਾ, ਦਿਲ ਅਤੇ ਸਾਹ ਰੁਕਣ ਦੀ ਹਾਲਤ ਵਿੱਚ ਸੀਪੀਆਰ ਦੇਣ, ਪਾਣੀ ਵਿੱਚ ਡੁੱਬਣ, ਕਰੰਟ ਲੱਗਣ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗ ਲੈਣ, ਗਰਮੀ ਜਾਂ ਲੂ ਲੱਗਣ, ਵਗਦੇ ਖੂਨ ਨੂੰ ਰੋਕਣ, ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣ, ਪੱਟੀਆਂ ਅਤੇ ਫੱਟੀਆਂ ਦੀ ਵਰਤੋਂ ਕਰਨ ਅਤੇ ਸੱਪ ਦੇ ਕੱਟਣ ਵਰਗੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਮੁਢਲੀ ਸਹਾਇਤਾ ਦੀ ਪ੍ਰੈਕਟੀਕਲ ਅਤੇ ਮੌਖਿਕ ਜਾਣਕਾਰੀ ਦਿੱਤੀ।
ਟ੍ਰੇਨਰ ਨਰੇਸ਼ ਪਠਾਣੀਆ ਨੇ ਨੌਜਵਾਨਾਂ ਨੂੰ ਕਿਹਾ ਕਿ ਅੱਜ ਦੇ ਤੇਜ ਰਫਤਾਰ ਯੁਗ ਵਿੱਚ ਫੱਟੜਾਂ ਦੀ ਸਹਾਇਤਾ ਵਿੱਚ ਫਸਟ ਏਡ ਜੀਵਨ ਬਚਾਊ ਸਾਬਤ ਹੁੰਦੀ ਹੈ। ਉਹਨਾਂ ਕਿਹਾ ਕਿ ਅਜਿਹੀ ਮਹੱਤਾ ਨੂੰ ਦੇਖਦਿਆਂ ਹਰੇਕ ਇਨਸਾਨ ਨੂੰ ਫਸਟ ਏਡ ਦੀ ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ। ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਫਸਟ ਏਡ ਦੀ ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਪੀੜਤਾਂ ਦੀ ਮੱਦਦ ਲਈ ਅੱਗੇ ਆਉਣ।