ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ 2 ਕਬਾੜ ਚੁੱਕਣ ਵਾਲੇ ਬੱਚਿਆਂ ਨੂੰ ਸਕੂਲ ਦਾਖਲ ਕਰਵਾਇਆ
-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ 11 ਸਤੰਬਰ ਤੋਂ 16 ਸਤੰਬਰ ਤੱਕ ਚਲਾਈ ਗਈ ਵਿਸ਼ੇਸ਼ ਮੁਹਿੰਮ
ਹਰੀਸ਼ ਕਾਲੜਾ
ਰੂਪਨਗਰ, 23 ਸਤੰਬਰ 2022: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ 11 ਸਤੰਬਰ ਤੋਂ 16 ਸਤੰਬਰ ਤੱਕ ਜ਼ਿਲ੍ਹਾ ਰੂਪਨਗਰ ਵਿਖੇ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ 2 ਬੱਚਿਆਂ ਨੂੰ ਸਕੂਲ ਦਾਖਲ ਕਰਵਾਇਆ ਗਿਆ ਜੋ ਸ਼ਹਿਰ ਵਿੱਚ ਕਬਾੜ ਚੁੱਕਣ ਦਾ ਕੰਮ ਕਰਦੇ ਸਨ।
ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਅਧੀਨ ਬੱਚਿਆਂ ਦੀ ਸੁਰੱਖਿਆ ਅਤੇ ਅਧਿਕਾਰਾਂ ਨੂੰ ਯਕੀਨੀ ਕਰਨ ਦੇ ਟੀਚੇ ਨਾਲ ਇੱਕ ਮੁਹਿੰਮ ਚਲਾਈ ਗਈ। ਜਿਸ ਦੌਰਾਨ 12 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ, ਜਿਸ ਵਿੱਚੋਂ 2 ਬੱਚੇ ਜੋ ਕਬਾੜ ਚੁੱਕਣ ਦਾ ਕੰਮ ਕਰਦੇ ਸਨ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਉਨ੍ਹਾਂ ਬੱਚਿਆਂ ਦੀ ਮਾਤਾ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਵੀ ਕਾਊਂਸਲਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਬੱਚਿਆਂ ਦੀ ਮਾਤਾ ਸ਼੍ਰੀਮਤੀ ਸੋਫੀਆ ਨੂੰ ਹਰ ਤਰ੍ਹਾਂ ਦੀ ਮੱਦਦ ਪ੍ਰਦਾਨ ਕਰਨ ਦਾ ਵਿਸ਼ਵਾਸ ਦਵਾਇਆ ਗਿਆ। ਇਨ੍ਹਾਂ ਬੱਚਿਆਂ ਦੀ ਮੁਲਾਕਾਤ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਵੀ ਕਰਵਾਈ ਗਈ। ਜਿਸ ਉਪਰੰਤ ਡਿਪਟੀ ਕਮਿਸ਼ਨਰ ਨੇ ਸੂਫੀਆ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਮਾਤਾ ਨੂੰ ਇਕ ਮਹੀਨੇ ਦਾ ਰਾਸ਼ਨ ਅਤੇ ਕੱਪੜੇ ਜਿਲ੍ਹਾ ਰੈਡ ਕਰਾਸ ਸੁਸਾਇਟੀ ਤੋਂ ਮੁਹੱਈਆ ਕਰਵਾਏ ਗਏ।
ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਉਹਨਾ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿਖੇ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਸਕੂਲ ਦੀ ਵਰਦੀ ਅਤੇ ਕਾਪੀਆਂ ਵੀ ਦਿੱਤੀਆ ਗਈਆਂ।
ਇਸ ਤੋਂ ਇਲਾਵਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਚਾਇਲਡ ਰਾਇਟਸ ਦੇ ਬਾਲ ਸਵਰਾਜ ਪੋਰਟਲ ਤੇ ਇੰਨਾ ਬੱਚਿਆ ਦਾ ਡਾਟਾ ਅਪਲੋਡ ਕੀਤਾ ਗਿਆ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਇਆ ਕਰਾਈ ਜਾ ਸਕੇ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਜਿੰਦਰ ਕੌਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬੱਚਿਆ ਨੂੰ ਭੀਖ ਵਜੋਂ ਪੈਸੇ ਦੇਣ ਦੀ ਬਜਾਏ ਸਿੱਖਿਆ ਪ੍ਰਤੀ ਪ੍ਰੇਰਿਤ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕੀ ਜੁਵਿਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ ਸੈਕਸ਼ਨ 74 ਦੇ ਤਹਿਤ ਕੋਈ ਵੀ ਲੋੜਵੰਦ ਬੱਚਿਆ ਦੀਆਂ ਤਸਵੀਰਾਂ ਜਨਤਕ ਨਹੀਂ ਕਰ ਸਕਦਾ, ਅਜਿਹਾ ਕਰਨ ਵਾਲੇ ਨੂੰ 6 ਮਹੀਨੇ ਦੀ ਸਜਾ ਅਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।