ਬਿਲਡਿੰਗ ਇੰਸਪੈਕਟਰ ਵੱਲੋਂ ਕੰਮ ਨਾ ਕਰਨ ਤੇ ਜੈਤੋ ਤੋਂ ਗੁਰਦਾਸਪੁਰ ਦੀ ਕੀਤੀ ਬਦਲੀ ; ਆਪ ਆਗੂ
ਮਨਜੀਤ ਸਿੰਘ ਢੱਲਾ
ਜੈਤੋ, 24 ਜਨਵਰੀ 2023 : ਦੀ-ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕੇਮਟੀ ਤੇ ਪੇਪਰ ਐਂਡ ਲਾਇਬ੍ਰੇਰੀ ਦੇ ਮੈਂਬਰ ਅਮੋਲਕ ਸਿੰਘ ਦੇ ਬੇਹੱਦ ਕਰੀਬੀ ਮਿੱਤਰ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ ਦੀ ਬੀਤੇ ਦਿਨੀਂ ਨਗਰ ਕੌਂਸਲ ਜੈਤੋ ਦੇ ਬਿਲਡਿੰਗ ਇੰਸਪੈਕਟਰ ਅਜੇ ਸਿੰਘ ‘ਨਿੱਕੂ ਬਰਾੜ’ ਨਾਲ ਕਿਸੇ ਗੱਲੋਂ ਕੰਮ ਕਰਨ ਨੂੰ ਲੈਕੇ ਤਕਰਾਰ ਹੋ ਗਈ। ਇਹ ਤਕਰਾਰ ਤੂੰ-ਤੂੰ ਮੈਂ-ਮੈਂ ਵਿਚ ਬਦਲ ਗਈ ਅਤੇ ਜਿਸ ਉਪਰੰਤ ਉਸੇ ਦਿਨ ਹੀ ਅਜੇ ਸਿੰਘ ‘ਨਿੱਕੂ ਬਰਾੜ’ ਨੂੰ ਉਸਦੇ ਸਥਿਤ ਦਫ਼ਤਰ ਜੈਤੋ ਤੋਂ ਜ਼ਿਲਾ ਗੁਰਦਾਸਪੁਰ ਵਿਖੇ ਤਬਾਦਲੇ ਦੇ ਆਰਡਰ ਮਿਲ ਗਏ। ਸੂਤਰਾਂ ਮੁਤਾਬਿਕ ਦੀ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ ਨੇ ਅਜੇ ਸਿੰਘ ‘ਨਿੱਕੂ ਬਰਾੜ’ ਨੂੰ ਕਿਸੇ ਕੰਮ ਲਈ ਫੋਨ ਕੀਤਾ ਅਤੇ ਉਸ ਕੰਮ ਨੂੰ ਲੈ ਕੇ ਦੋਹਾਂ ਵਿਚ ਬਹਿਸ ਹੋ ਗਈ ਜਿਸ ਉਪਰੰਤ ਆਪਣੇ ਰਸੂਖ ਨਾਲ ਵਿਧਾਇਕ ਅਮੋਲਕ ਸਿੰਘ ਦੇ ਬੇਹੱਦ ਕਰੀਬੀ ਮਿੱਤਰ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ ਨੇ ਅਜੇ ਸਿੰਘ ‘ਨਿੱਕੂ ਬਰਾੜ’ ਦੀ ਬਦਲੀ ਜ਼ਿਲਾ ਗੁਰਦਾਸਪੁਰ ਦੀ ਕਰਵਾ ਦਿੱਤੀ। ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ ਦਾ ਕਹਿਣਾ ਹੈ ਕਿ ਇਸ ਨੂੰ ਦਫ਼ਤਰੀ ਕੰਮ ਕਰਨ ਲਈ ਕਿਹਾ ਤਾਂ ਉਕਤ ਕਰਮਚਾਰੀ ਕੰਮ ਤੋਂ ਟਾਲਾ ਵੱਟ ਰਿਹਾ ਹੈ ਤੇ ਲੋਕਾਂ ਨੂੰ ਕੰਮ ਕਰਵਾਉਣ ਸਬੰਧੀ ਪ੍ਰੇਸ਼ਾਨ ਹੋਣਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਇੰਸਪੈਕਟਰ ਅਜੇ ਸਿੰਘ ‘ਨਿੱਕੂ ਬਰਾੜ’ ਇਲਾਕੇ ਦੇ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਜਿਸ ਸੰਬੰਧੀ ਵਿਧਾਇਕ ਅਮੋਲਕ ਸਿੰਘ ਦੇ ਦਫ਼ਤਰ ਵਿਚ ਕਾਫ਼ੀ ਸ਼ਿਕਾਇਤਾਂ ਆ ਚੁੱਕੀਆਂ ਸਨ। ਇਸ ਸਬੰਧੀ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਜੈਤੋ ਦੇ ਕੁੱਝ ਕਰਮਚਾਰੀ ਲੋਕਾਂ ਨੂੰ ਕੰਮ ਕਰਵਾਉਣ ਸਬੰਧੀ ਪ੍ਰੇਸ਼ਾਨ ਕਰਦੇ ਸਨ ਜੋ ਕਿ ਲੋਕਾਂ ਦੇ ਕੰਮ ਨਹੀਂ ਸੀ ਹੋ ਰਹੇ ਸਨ,ਇਸ ਨੂੰ ਲੈਕੇ ਇਸ ਕਰਮਚਾਰੀ ਦੀ ਬਦਲੀ ਕੀਤੀ ਗਈ ਹੈ।
ਕਿ ਕਹਿਣਾ ਹੈ ਬਿਲਡਿੰਗ ਇੰਸਪੈਕਟਰ ਨਿੱਕੂ ਸਿੰਘ ਬਰਾੜ ਦਾ,,?
ਜਦੋਂ ਇਸ ਸਬੰਧੀ ਨਿੱਕੂ ਬਰਾੜ ਨਾਲ ਬਦਲੀ ਸਬੰਧੀ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬਦਲੀ ਆਮ-ਰਟੀਨ ਵਿਚ ਹੋਈ ਹੈ ਨਾ ਕਿ ਆਪ ਆਗੂ ਦੇ ਕੰਮ ਕਰਵਾਉਣ ਅਤੇ ਨਾ ਹੀ ਬਹਿਸ ਨੂੰ ਲੈਕੇ ਬਦਲੀ ਹੋਈ ਹੈ।