ਸੁਖਦੀਪ ਕੌਰ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ
ਨਿੱਤ ਨਵੀਆਂ ਬੁਲੰਦੀਆਂ ਨੂੰ ਛੂੰਹਦੀ ਸੰਸਥਾ- ਬਾਬਾ ਫ਼ਰੀਦ ਪਬਲਿਕ ਸਕੂਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 13 ਮਈ 2024 : ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੁਆਰਾ ਸੰਸਥਾਪਕ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਤਰੱਕੀ ਦੇ ਰਾਹਾਂ ਤੇ ਤੁਰਦੀ ਹੋਈ ਨਵੀਆਂ ਪੁਲਾਂਘਾਂ ਪੁੱਟਦੀ ਹੋਈ ਨਿੱਤ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਦੀ ਜਾ ਰਹੀ ਹੈ। ਅਦਾਰੇ ਦੀ ਬੇਹਤਰੀ ਲਈ ਸਕੂਲ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਸੰਸਥਾ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਸਿਰ ਤੋੜ ਯਤਨ ਕਰਦੀ ਹੋਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ ਹਰ ਪ੍ਰਕਾਰ ਦੀ ਸੁੱਖ ਸਹੂਲਤ ਮੁਹੱਈਆ ਕਰਵਾਉਣ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ। ਇਸ ਵਾਰ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਖਰੀਦਾਰੀ ਸਮੇਂ ਹੁੰਦੀ ਲੁੱਟ ਤੋਂ ਬਚਾਉਣ ਲਈ ਹਰ ਜਮਾਤ ਵਿੱਚ 25% ਦੀ ਛੋਟ ਦਿੱਤੀ ਗਈ ਇਸ ਤੋਂ ਇਲਾਵਾ ਸਿੱਖਿਆ ਨੂੰ ਹੋਰ ਉੱਚਾ ਚੁੱਕਣ ਲਈ ਸਮਾਰਟ ਬੋਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਲਿਫ਼ਟ ਦਾ ਪ੍ਰਬੰਧ ਕੀਤਾ ਗਿਆ ਹੈ।
ਅਦਾਰੇ ਦੇ ਪ੍ਰੈਜੀਡੈਂਟ ਸ. ਸਿਮਰਜੀਤ ਸਿੰਘ ਸੇਖੋਂ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੀ ਬੇਹਤਰੀ ਲਈ ਨਵੇਂ ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਜੀ ਨੂੰ ਨਿਯੁਕਤ ਕੀਤਾ ਗਿਆ ਹੈ। ਉਸ ਸਮੇਂ ਅਦਾਰੇ ਦੇ ਪ੍ਰੈਜੀਡੈਂਟ ਸ. ਸਿਮਰਜੀਤ ਸਿੰਘ ਜੀ ਸੇਖੋਂ , ਪ੍ਰਬੰਧਕ ਡਾ. ਗੁਰਿੰਦਰ ਮੋਹਨ ਸਿੰਘ ਜੀ ,ਸ.ਸੁਰਿੰਦਰ ਸਿੰਘ ਰੋਮਾਣਾ, ਸ.ਦੀਪਇੰਦਰ ਸਿੰਘ ਸੇਖੋਂ, ਸ. ਗੁਰਜਾਪ ਸਿੰਘ ਸੇਖੋ, ਡਾ. ਪ੍ਰਭਤੇਸ਼ਵਰ ਸਿੰਘ ਅਤੇ ਐਡਵੋਕੇਟ ਨਰਿੰਦਰ ਪਾਲ ਸਿੰਘ ਹਾਜ਼ਰ ਸਨ। ਜਿਨ੍ਹਾਂ ਦੀ ਮੌਜੂਦਗੀ ਅਤੇ ਬਾਬਾ ਫਰੀਦ ਜੀ ਦੇ ਅਸ਼ੀਰਵਾਦ ਨਾਲ ਸ਼੍ਰੀਮਤੀ ਸੁਖਦੀਪ ਕੌਰ ਜੀ ਨੇ ਆਪਣੇ ਅਹੁਦੇ ਨੂੰ ਸੰਭਾਲਿਆ। ਬਠਿੰਡਾ ਦੇ ਆਰਮੀ ਪਬਲਿਕ ਸਕੂਲ ਵਿੱਚ ਜੁਲਾਈ 2001 ਤੋਂ ਹੁਣ ਤੱਕ 23 ਸਾਲਾਂ ਦੇ ਤਜਰਬੇ ਨਾਲ ਪੀ.ਜੀ.ਟੀ. ਕਮਿਸਟਰੀ, ਵਾਈਸ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਦੇ ਅਹੁਦੇ ਤੇ ਰਹਿ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਪਰੋਕਤ ਸੇਵਾਵਾਂ ਦੇ ਸੁਚੱਜੇ ਪ੍ਰਬੰਧ ਅਤੇ ਸਖ਼ਤ ਮਿਹਨਤ ਨੂੰ ਦੇਖਦਿਆਂ ਉਮੀਦ ਕਰਦੇ ਹਾਂ ਸੰਸਥਾ ਨੂੰ ਹੋਰ ਉੱਚਾਈਆਂ ਤੇ ਲੈ ਕੇ ਜਾਣਗੇ। ਪੂਰਨ ਆਸ ਹੈ ਕਿ ਇਹਨਾਂ ਦੀ ਸੁਯੋਗ ਅਗਵਾਈ ਵਿੱਚ ਅਦਾਰਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗਾ। ਪ੍ਰਿੰਸੀਪਲ ਸ਼੍ਰੀਮਤੀ ਸੁਖਦੀਪ ਕੌਰ ਜੀ ਨੇ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਜੋ ਬਾਬਾ ਫਰੀਦ ਨਗਰੀ ਦੇ ਜੰਮਪਲ ਹਨ ਤੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿੱਚ ਹੀ ਉਹਨਾਂ ਨੂੰ ਆਪਣੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ।