ਹਰਕਮਲਪ੍ਰੀਤ ਸਿੰਘ ਨੇ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਜਲੰਧਰ ਦਿਹਾਤੀ ਦਾ ਅਹੁਦਾ ਸੰਭਾਲਿਆ
- ਪੁਲਿਸ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ –ਸਮੇਂ ਤੇ ਆਉਣ ਵਾਲੀਆਂ ਚੁਨੌਤੀਆਂ ਨੂੰ ਦੂਰ ਕਰਨ ਲਈ ਵਚਨਬੱਧ --ਹਰਕਮਲਪ੍ਰੀਤ ਸਿੰਘ ਖੱਖ
- ਕਿਹਾ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਹਰ ਹਾਲਤ ਵਿੱਚ ਬਰਕਰਾਰ ਰੱਖੀ ਜਾਵੇਗੀ
ਜਲੰਧਰ 3 ਅਗਸਤ :2024- ਹਰਕਮਲਪ੍ਰੀਤ ਸਿੰਘ ਖੱਖ ,ਪੀ.ਪੀ.ਐਸ ਨੇ ਅੱਜ ਜ਼ਿਲ੍ਹਾ ਜਲੰਧਰ ( ਦਿਹਾਤੀ )ਦੇ ਨਵੇਂ ਸੀਨੀਅਰ ਪੁਲਿਸ ਕਪਤਾਨ ਵਜੋਂ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਟੁਕੜੀ ਵੱਲੋਂ `ਗਾਰਡ-ਆਫ਼-ਆਨਰਜ਼` ਪੇਸ਼ ਕੀਤਾ ਗਿਆ । ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਾਲੇਰਕੋਟਲਾ ਤੋਂ ਪਹਿਲਾ ਐਸ.ਐਸ.ਪੀ ਪਠਾਨਕੋਟ,ਕਪੂਰਥਲਾ,ਸ੍ਰੀ ਅੰਮ੍ਰਿਤਸਰ ਸਾਹਿਬ(ਦਿਹਾਤੀ), ਐਸ.ਐਸ.ਪੀ ਮਾਲੇਰਕੋਟਲਾ,ਏ.ਆਈ.ਜੀ (ਕਾਊਂਟਰ ਇੰਟੈਲੀਜੈਂਸ) ਜਲੰਧਰ ਰੇਂਜ, ਏ.ਆਈ.ਜੀ ਫ਼ਿਰੋਜਪੁਰ,ਪੀ.ਏ.ਪੀ ਦੀ ਸੱਤਵੀਂ ਬਟਾਲੀਅਨ ਦੇ ਕਮਾਂਡੈਂਟ ਤੋਂ ਇਲਾਵਾ ਹੋਰ ਉੱਚ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ।
ਅਹੁਦਾ ਸੰਭਾਲਣ ਉਪਰੰਤ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ –ਸਮੇਂ ਤੇ ਆਉਣ ਵਾਲੀਆਂ ਚੁਨੌਤੀਆਂ ਨੂੰ ਦੂਰ ਕਰਨ ਲਈ ਵਚਨਬੱਧ ਹੈ।
ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਹਰ ਹਾਲਤ ਵਿੱਚ ਬਰਕਰਾਰ ਰੱਖੀ ਜਾਵੇਗੀ।ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੀ ਅਵਾਮ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ। ਨਸ਼ਿਆਂ ਅਤੇ ਅਪਰਾਧੀਆਂ ਵਿਰੁੱਧ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਰੰਭੀ ਲੜਾਈ ਦੀ ਸਫਲਤਾ ਲਈ ਬਿਨਾਂ ਕਿਸੇ ਡਰ ਤੋਂ ਪੁਲਿਸ ਦਾ ਸਾਥ ਦੇਣ । ਪੰਜਾਬ ਪੁਲਿਸ ਦੇ ਇਮਾਨਦਾਰ ਅਤੇ ਦਬੰਗ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਜਨਾਬ ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ. ਦੇ ਅਹੁਦਾ ਸੰਭਾਲਣ ਮੌਕੇ ਜਿਲਾ ਜਲੰਧਰ ਦਾ ਸਮੁੱਚਾ ਪੁਲਿਸ ਅਮਲਾ ਮੌਜੂਦ ਸੀ।