ਨਸ਼ੇ ਤੇ ਗੁੰਡਾ ਟੈਕਸ ਰੋਕਣ ਦੀ ਚੁਣੌਤੀ ਨਾਲ ਸਾਂਭੀ ਬਠਿੰਡਾ ਦੀ ਨਵੀਂ ਐਸਐਸਪੀ ਨੇ ਜ਼ਿੰਮੇਵਾਰੀ
ਅਸ਼ੋਕ ਵਰਮਾ
ਬਠਿੰਡਾ, 3 ਅਗਸਤ 2024: ਬਠਿੰਡਾ ਜਿਲ੍ਹੇ ਦੀ ਨਵੀਂ ਨਿਯੁਕਤ ਕੀਤੀ ਗਈ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਨਸ਼ਿਆਂ ਦੇ ਵਗਦੇ ਹੜ੍ਹ ਨੂੰ ਠੱਲ੍ਹ ਪਾਉਣ ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਸਾਈਟ ਤੇ ਢੋਆ ਢੁਆਈ ਦਾ ਕੰਮ ਕਰਨ ਵਾਲੇ ਟਰਾਂਸਪੋਰਟਰਾਂ ਤੋਂ ਕਥਿਤ ਤੌਰ ਤੇ ਵਸੂਲੇ ਜਾਂਦੇ ਗੁੰਡਾ ਟੈਕਸ ਤੇ ਲਗਾਮ ਲਾਉਣ ਦੀ ਚੁਣੌਤੀ ਦੌਰਾਨ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਬਠਿੰਡਾ ’ਚ ਪੁਲਿਸ ਪ੍ਰਸ਼ਾਸ਼ਨ ਦੇ ਹੋਰ ਅਹੁਦਿਆਂ ਤੇ ਤਾਂ ਮਹਿਲਾ ਅਧਿਕਾਰੀਆਂ ਤਾਇਨਾਤ ਰਹੀਆਂ ਹਨ ਪਰ ਅਮਨੀਤ ਕੌਂਡਲ ਪੰਜਾਬ ਦੀ ਇਕਲੌਤੀ ਮਹਿਲਾ ਆਈਪੀਐਸ ਅਫਸਰ ਹੈ ਜਿਸ ਨੂੰ ਬਠਿੰਡਾ ’ਚ ਦੂਸਰੀ ਵਾਰ ਤਾਇਨਾਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 19 ਜਨਵਰੀ ਤੋਂ 9 ਅਪਰੈਲ ਤੱਕ ਐਸਐਸਪੀ ਬਠਿੰਡਾ ਵਜੋਂ ਸੇਵਾਵਾਂ ਨਿਭਾਈਆਂ ਸਨ।
ਪ੍ਰਸ਼ਾਸ਼ਨਿਕ ਹਲਕਿਆਂ ’ਚ ਆਈਪੀਐਸ ਅਮਨੀਤ ਕੌਂਡਲ ਨੂੰ ਅਪਰਾਧੀਆਂ ਪ੍ਰਤੀ ਸਖਤ ਮਿਜਾਜ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਹੁਣ ਬਠਿੰਡਾ ਜਿਲ੍ਹੇ ਦੇ ਆਮ ਲੋਕਾਂ ਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸ਼ਨ ’ਚ ਉਨ੍ਹਾਂ ਦੀ ਸੁਣਵਾਈ ਪਹਿਲਾਂ ਨਾਲੋਂ ਤੇਜੀ ਨਾਲ ਹੋਵੇਗੀ। ਉਂਜ ਨਵੀਂ ਪੁਲਿਸ ਅਧਿਕਾਰੀ ਅੱਗੇ ਜਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ’ਚ ਰੱਖਣ ,ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਅਤੇ ਚੋਰ ਲੁਟੇਰਿਆਂ ਦੀ ਲਗਾਮ ਕਸਣ ਵਰਗੇ ਮਸਲੇ ਵੀ ਬਰਕਰਾਰ ਹਨ। ਹਰਿਆਣਾ ਅਤੇ ਰਾਜਸਥਾਨ ਨਾਲ ਬਠਿੰਡਾ ਜਿਲ੍ਹੇ ਦੀ ਸੀਮਾ ਲਗਦੀ ਹੋਣ ਕਰਕੇ ਗੁਆਂਢੀ ਰਾਜਾਂ ਤੋਂ ਹੁੰਦੀ ਭੁੱਕੀ ਵਰਗੇ ਨਸ਼ਿਆਂ ਦੀ ਤਸਕਰੀ ਖਾਸ ਤੌਰ ਤੇ ਹਰਿਆਣਾ ਚੋਂ ਆ ਕੇ ਪਿੰਡਾਂ ਸ਼ਹਿਰਾਂ ’ਚ ਵਿਕਦੀ ਹਰਿਆਣਵੀ ਸ਼ਰਾਬ ਤੇ ਰੋਕ ਲਾਉਣਾ ਵੀ ਨਵੀਂ ਪੁਲਿਸ ਅਧਿਕਾਰੀ ਦੀਆਂ ਚੁਣੌਤੀਆਂ ’ਚ ਸ਼ੁਮਾਰ ਹੈ।
ਇਸ ਵੇਲੇ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੇ ਬਠਿੰਡਾ ਜਿਲ੍ਹੇ ’ਚ ਸਥਿਤ ਮੁਲਕ ਦੇ ਕਰੀਬ 50 ਹਜ਼ਾਰ ਕਰੋੜ ਰੁਪਏ ਨਿਵੇਸ਼ ਵਾਲੇ ਪ੍ਰੋਜੈਕਟ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਲਾਗੇ ਟਰਾਂਸਪੋਰਟਰਾਂ ਤੋਂ ਵਸੂਲੇ ਜਾਂਦੇ ਗੁੰਡਾ ਟੈਕਸ ਤੇ ਰੋਕ ਲਾਉਣ ਅਤੇ ਸੁਰੱਖਿਅਤ ਮਹੌਲ ਦਿਵਾਉਣ ਦੀ ਜਿੰਮੇਵਾਰੀ ਵੀ ਨਵੀਂ ਐਸਐਸਪੀ ਦੇ ਮੋਢਿਆਂ ਤੇ ਹੈ। ਲੰਘੀ 29 ਜੁਲਾਈ ਨੂੰ ਰਿਫਾਇਨਰੀ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਮਸਲਾ ਹੱਲ ਕਰਨ ’ਚ ਨਾਕਾਮ ਰਹਿਣ ਕਾਰਨ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੂੰ ਤਾੜਨਾ ਵੀ ਕੀਤੀ ਸੀ। ਜਾਣਕਾਰੀ ਅਨੁਸਾਰ ਰਿਫਾਈਨਰੀ ਦੇ ਪੈਟਰੋ ਕੈਮੀਕਲ ਯੂਨਿਟ ’ਚੋਂ ਰੋਜ਼ਾਨਾ 250 ਗੱਡੀਆਂ (ਆਉਣ-ਜਾਣ) ’ਚ ਪਲਾਸਟਿਕ ਦਾਣਾ ਜਾਂਦਾ ਹੈ ਅਤੇ100 ਗੱਡੀਆਂ (ਆਉਣ-ਜਾਣ) ਰੋਜ਼ਾਨਾ ਪੈਟ ਕੋਕ ਤੇ ਸਲਫਰ ਦੀਆਂ ਸਪਲਾਈ ਹੁੰਦੀਆਂ ਹੋਣ ਕਰਕੇ ਵੀ ਇਹ ਮੁੱਦਾ ਕਾਫੀ ਅਹਿਮ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਬਠਿੰਡਾ ਜਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣਾ ਵੀ ਐਸਐਸਪੀ ਲਈ ਇਮਤਿਹਾਨ ਹੈ। ਦੋ ਸਾਲ ਪਹਿਲਾਂ ਹੋਈ ਵਿਧਾਨ ਸਭਾ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਾਲੀ ਪੁਲਿਸ ਅਧਿਕਾਰੀ ਅਮਨੀਤ ਕੌਂਡਲ ਨੂੰ ਬਠਿੰਡਾ ਜਿਲ੍ਹੇ ਦੀ ਭੁਗੋਲਿਕ ਤੇ ਸਿਆਸੀ ਸਥਿਤੀ ਬਾਰੇ ਕਾਫੀ ਜਾਣਕਾਰੀ ਹੈ। ਇਸ ਪੁਲਿਸ ਅਧਿਕਾਰੀ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਭਾਰਤੀ ਜੰਤਾ ਪਾਰਟੀ ਅਤੇ ਅਕਾਲੀ ਦਲ ਨਾਲ ਤਾਲਮੇਲ ਬਿਠਾਉਣਾ ਪਵੇਗਾ। ਬਾਦਲ ਪ੍ਰੀਵਾਰ ਦਾ ਹਲਕਾ ਹੋਣ ਕਰਕੇ ਵੀ ਬਠਿੰਡਾ ਦਾ ਸਿਆਸੀ ਪਿੜ ਹੋਰਨਾਂ ਜਿਲਿ੍ਹਆਂ ਨਾਲੋਂ ਵੱਖਰਾ ਹੈ। ਬਠਿੰਡਾ ਤੋਂ ਆਪਣਾ ਅਹੁਦਾ ਛੱਡਕੇ ਮੋਹਾਲੀ ਗਏ ਦੀਪਕ ਪਾਰੀਕ ਦੇ ਸਾਹਮਣੇ ਕੋਈ ਵੱਡਾ ਸਿਆਸੀ ਅੜਿੱਕਾ ਤਾਂ ਸਾਹਮਣੇ ਨਹੀਂ ਆਇਆ ਫਿਰ ਵੀ ਜਿਲ੍ਹਾ ਪੁਲਿਸ ਮੁਖੀ ਲਈ ਵੱਡੀ ਚੁਣੌਤੀ ਸਿਆਸਤਦਾਨਾਂ ਨਾਲ ਤਾਲਮੇਲ ਬਿਠਾਉਣ ਦੀ ਹੋਵੇਗੀ ।
ਬਠਿੰਡਾ ’ਚ ਪੁਲਿਸ ਰੇਂਜ, ਵਿਜੀਲੈਂਸ ਰੇਂਜ ਅਤੇ ਕਾਊਂਟਰ ਇੰਟੈਲੀਜੈਂਸੀ ਵਿੰਗ ਦਾ ਜੋਨਲ ਦਫਤਰ ਵੀ ਹੈ ਜਿੰਨ੍ਹਾਂ ਦੇ ਵੱਡੇ ਪੁਲਿਸ ਅਫਸਰਾਂ ਦੇ ਸਹਿਯੋਗ ਨਾਲ ਆਪਣੇ ਕੰਮ ਨੂੰ ਅੱਗੇ ਵਧਾਉਣਾ ਵੀ ਅਗਨੀ ਪ੍ਰੀਖਿਆ ਮੰਨੀ ਜਾਂਦੀ ਹੈ। ਆਮ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਉਨ੍ਹਾਂ ਨੂੰ ਝਪਟਮਾਰਾਂ, ਚੋਰੀਆਂ ਚਕਾਰੀਆਂ ਕਰਨ ਵਾਲਿਆਂ ਅਤੇ ਅਪਰਾਧਿਕ ਅਨਸਰਾਂ ਦੀ ਲਗਾਮ ਕੱਸਣੀ ਪਵੇਗੀ। ਇਸੇ ਤਰਾਂ ਹੀ ਸ਼ਹਿਰ ਵਿਚਲੀ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ, ਬੱਸ ਅੱਡਾ ਚੌਂਕ ’ਚ ਵਜਦੇ ਬੱਸਾਂ ਤੇ ਆਟੋ ਚਾਲਕਾਂ ਦੇ ਘੜਮੱਸ ਨੂੰ ਖਤਮ ਕਰਨ ਲਈ ਕਰੜੇ ਕਦਮ ਚੁੱਕਣ ਦੀ ਜਿੰਮੇਵਾਰੀ ਵੀ ਨਵੀਂ ਐਸਐਸਪੀ ਤੇ ਹੈ । ਦੀਪਕ ਪਾਰੀਕ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਨੇ ਕਈ ਅਹਿਮ ਮਾਮਲੇ ਸੁਲਾਝਾਉਣ ’ਚ ਸਫਲਤਾ ਹਾਸਲ ਕੀਤੀ ਜਿਸ ਨੂੰ ਲੈਕੇ ਪੁਲਿਸ ਦੀ ਸ਼ਲਾਘਾ ਹੋਈ।
ਇਸੇ ਸੁਰ ਤਾਲ ਨੂੰ ਲਗਾਤਾਰ ਬਰਕਰਾਰ ਰੱਖਣ ਦੀ ਜਿੰਮੇਵਾਰੀ ਵੀ ਹੁਣ ਇਸ ਪੁਲਿਸ ਅਧਿਕਾਰੀ ਦੇ ਹਿੱਸੇ ਆ ਗਈ ਹੈ। ਲੋਕ ਲਹਿਰਾਂ ਵਾਲਾ ਖਿੱਤਾ ਹੋਣ ਕਰਕੇ ਬਠਿੰਡਾ ’ਚ ਸੰਘਰਸ਼ੀ ਧਿਰਾਂ ਨਾਲ ਤਾਲਮੇਲ ਲਈ ਰਣਨੀਤੀ ਘੜਨੀ ਪਵੇਗੀ। ਉਨ੍ਹਾਂ ਨੂੰ ਯਕੀਨੀ ਬਨਾਉਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਵੱਢੀਖੋਰੀ ਤੋਂ ਦੂਰ ਰਹਿਕੇ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰੇ ਜਿੰਨ੍ਹਾਂ ਮੋਰਚਿਆਂ ਤੇ ਪੁਲਿਸ ਅਸਫਲ ਰਹੀ ਉਨ੍ਹਾਂ ਕਮੀਆਂ ਨੂੰ ਦੂਰ ਕਰਨਾ ਅਤੇ ਪੁਰਾਣੇ ਮਾਮਲਿਆਂ ਨੂੰ ਸੁਲਝਾਉਣ ਦੀ ਦਿਸ਼ਾ ’ਚ ਵਰਨਣਯੋਗ ਪ੍ਰਾਪਤੀਆਂ ਕਰਨਾ ਵੀ ਉਨ੍ਹਾਂ ਲਈ ਚੁਣੌਤੀ ਹੋਵੇਗੀ। ਐਸਐਸਪੀ ਅਮਨੀਤ ਕੌਂਡਲ ਨੇ ਅੱਜ ਪੁਲਿਸ ਅਫਸਰਾਂ ਨੂੰ ਕਿਹਾ ਕਿ ਆਮ ਆਦਮੀ ਦੇ ਜਾਨ ਮਾਲ ਦੀ ਰਾਖੀ ਪੁਲਿਸ ਦੀ ਪਹਿਲੀ ਤਰਜੀਹ ਹੋਵੇ ਤਾਂ ਜੋ ਸੜਕ ਤੇ ਜਾਂਦਿਆਂ ਧੀਅ ਭੈਣ ,ਬਜ਼ੁਰਗ ਜਾਂ ਨਾਗਰਿਕਾਂ ਨੂੰ ਕੋਈ ਡਰ ਨਾ ਲੱਗੇ।