ਸਾਬਕਾ ਹਾਕੀ ਓਲੰਪੀਅਨ ਅਤੇ ਏਆਈਜੀ ਟ੍ਰੈਫਿਕ ਪੁਲਿਸ ਗਗਨ ਅਜੀਤ ਸਿੰਘ ਨੇ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਿਆ
- ਜ਼ਿਲ੍ਹਾ ਪੁਲਿਸ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ –ਸਮੇਂ ਤੇ ਆਉਣ ਵਾਲੀਆਂ ਚੁਨੌਤੀਆਂ ਨੂੰ ਦੂਰ ਕਰਨ ਲਈ ਵਚਨਬੱਧ--ਜ਼ਿਲਾ ਪੁਲਿਸ ਮੁਖੀ ਸ਼੍ਰੀ ਗਗਨ ਅਜੀਤ ਸਿੰਘ
- ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਉਨ੍ਹਾਂ ਨੂੰ ਜਿਲੇ ਅੰਦਰ ਚੱਲ ਰਹੇ ਝਪਟਮਾਰਾਂ, ਚੋਰੀਆਂ ਕਰਨ ਵਾਲਿਆਂ ਅਤੇ ਅਪਰਾਧਿਕ ਅਨਸਰਾਂ ਤੇ ਕਸਨੀ ਪਵੇਗੀ ਲਗਾਮ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 3 ਅਗਸਤ 2024: ਸਾਬਕਾ ਹਾਕੀ ਓਲੰਪੀਅਨ ਅਤੇ ਏਆਈਜੀ ਟ੍ਰੈਫਿਕ ਪੰਜਾਬ ਗਗਨ ਅਜੀਤ ਸਿੰਘ ਨੇ ਸਥਾਨਕ ਐਸਐਸਪੀ ਦਫਤਰ ਵਿਖੇ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਵਜੋਂ ਆਪਣਾ ਅਹੁਦਾ ਸੰਭਾਲਿਆ। ਪੰਜਾਬ ਸਰਕਾਰ ਵੱਲੋਂ ਕੱਲ ਹੀ ਪੰਜਾਬ ਪੁਲਿਸ ਵਿੱਚ ਵੱਡੇ ਪੱਧਰ 'ਤੇ ਫੇਰਬਦਲ ਕਰਦਿਆਂ ਸੜਕ ਸੁਰੱਖਿਆ ਫੋਰਸ (SSF) ਦੇ ਮੁਖੀ ਸ੍ਰੀ ਗਗਨ ਅਜੀਤ ਸਿੰਘ ਨੂੰ ਇਤਿਹਾਸਿਕ ਜ਼ਿਲ੍ਹਾ ਮਾਲੇਰਕੋਟਲਾ ਦਾ ਜ਼ਿਲਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਅੱਜ ਇੱਥੇ ਡਾਕਟਰ ਸਿਮਰਤ ਕੌਰ ਐਸ.ਐਸ.ਪੀ ਮਾਲੇਰਕੋਟਲਾ ਜਿਨਾ ਨੂੰ ਏ.ਆਈ.ਜੀ, ਸੀ.ਆਈ ਪਟਿਆਲਾ ਨਿਯੁਕਤ ਕੀਤਾ ਗਿਆ ਹੈ ਦੀ ਜਗ੍ਹਾ ਤੇ ਚਾਰਜ ਸੰਭਾਲਿਆ ।
ਉਨਾਂ ਨੂੰ ਅੱਜ ਇੱਥੇ ਐਸਐਸਪੀ ਦਫਤਰ ਵਿਖੇ ਪਹੁੰਚਣ ਤੇ ਪੁਲਿਸ ਦੇ ਜਵਾਨਾਂ ਵੱਲੋਂ ਜਿੱਥੇ ਗਾਰਡ ਆਫ ਆਨਰ ਦਿੱਤਾ ਗਿਆ ਉਥੇ ਹੀ ਜ਼ਿਲ੍ਹੇ ਦੇ ਹਾਜ਼ਰ ਸਾਰੇ ਪੁਲਿਸ ਅਧਿਕਾਰੀਆਂ ਨੇ ਇੱਥੇ ਪਹੁੰਚਣ ਤੇ ਉਹਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ। 2002 ਵਿੱਚ ਪੰਜਾਬ ਸਰਕਾਰ ਵੱਲੋਂ ਸਪੋਰਟਸ ਕੋਟੇ ਵਿੱਚ ਸਿੱਧੇ ਭਰਤੀ ਕੀਤੇ ਡੀਐਸਪੀ ਸਿਟੀ ਜਲੰਧਰ ਤੋਂ ਆਪਣਾ ਪੁਲਿਸ ਵਿਭਾਗ ਵਿੱਚ ਸਫਲ ਸ਼ੁਰੂ ਕਰਨ ਵਾਲੇ ਸ੍ਰੀ ਗਗਨ ਅਜੀਤ ਸਿੰਘ ਐਸ.ਐਸ.ਪੀ ਵਿਜੀਲੈਂਸ ਮੋਹਾਲੀ ਡੀਸੀਪੀ ਅੰਮ੍ਰਿਤਸਰ ਅਤੇ ਡੀਸੀਪੀ ਲੁਧਿਆਣਾ ਅਤੇ ਰਾਜ ਵਿੱਚ ਸੜਕ ਸੁਰੱਖਿਆ ਅਤੇ ਯਾਤਰੀਆਂ ਦੀਆਂ ਜਾਨਾਂ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਮਈ ਪ੍ਰੋਜੈਕਟ ਦਾ ਪਹਿਲੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਚੁੱਕੇ ਹਨ।
ਅਹੁਦਾ ਸੰਭਾਲਣ ਉਪਰੰਤ ਸ੍ਰੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ –ਸਮੇਂ ਤੇ ਆਉਣ ਵਾਲੀਆਂ ਚੁਨੌਤੀਆਂ ਨੂੰ ਦੂਰ ਕਰਨ ਲਈ ਵਚਨਬੱਧ ਹੈ।ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਹਰ ਹਾਲਤ ਵਿੱਚ ਬਰਕਰਾਰ ਰੱਖੀ ਜਾਵੇਗੀ।ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੀ ਅਵਾਮ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ। ਨਸ਼ਿਆਂ ਅਤੇ ਅਪਰਾਧੀਆਂ ਵਿਰੁੱਧ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਰੰਭੀ ਲੜਾਈ ਦੀ ਸਫਲਤਾ ਲਈ ਬਿਨਾਂ ਕਿਸੇ ਡਰ ਤੋਂ ਪੁਲਿਸ ਦਾ ਸਾਥ ਦੇਣ ।
ਗਗਨ ਅਜੀਤ ਸਿੰਘ ਦਾ ਜਨਮ 9 ਦਸੰਬਰ 1980 ਨੂੰ ਭਾਰਤੀ ਪੰਜਾਬ ਦੇ ਇੱਕ ਸ਼ਹਿਰ ਫ਼ਿਰੋਜ਼ਪੁਰ ਵਿੱਚ ਹੋਇਆ ਸੀ। ਉਸਦੇ ਪਿਤਾ ਅਜੀਤ ਸਿੰਘ ਵੀ ਇੱਕ ਓਲੰਪੀਅਨ ਸਨ ਅਤੇ 1976 ਮਾਂਟਰੀਅਲ ਓਲੰਪਿਕ ਵਿੱਚ ਭਾਰਤ ਲਈ ਖੇਡੇ ਸਨ। ਉਨ੍ਹਾਂ ਦੇ ਇੱਕ ਚਾਚਾ ਹਰਮੀਕ ਸਿੰਘ ਵੀ ਓਲੰਪੀਅਨ ਹਨ। ਗਗਨ ਅਜੀਤ ਨੇ ਨਵੀਂ ਦਿੱਲੀ ਵਿੱਚ ਯੂਨੀਅਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਅਤੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਸਿੱਖਿਆ ਪ੍ਰਾਪਤ ਕੀਤੀ।
ਸਿੰਘ ਨੇ 1995 ਵਿੱਚ ਜਲੰਧਰ ਦੇ ਸਰਕਾਰੀ ਕਲਾਂ ਅਤੇ ਖੇਡ ਕਾਲਜ ਵਿੱਚ ਹਾਕੀ ਦੀ ਸਿਖਲਾਈ ਲਈ। 1997 ਵਿੱਚ, ਉਹਨਾਂ ਨੂੰ ਨਵੀਂ ਦਿੱਲੀ ਦੀ ਏਅਰ ਇੰਡੀਆ ਹਾਕੀ ਅਕੈਡਮੀ ਦੁਆਰਾ ਜੂਨੀਅਰ ਰਾਸ਼ਟਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ। ਸਿੰਘ ਨੇ 26 ਗੋਲ ਕੀਤੇ ਅਤੇ ਟੂਰਨਾਮੈਂਟ ਦੇ ਚੋਟੀ ਦੇ ਸਕੋਰਰ ਵਜੋਂ ਉਭਰਿਆ। ਉਸਨੇ 1999 ਵਿੱਚ ਟੀਮ ਦੀ ਕਪਤਾਨੀ ਕੀਤੀ।
ਸਿੰਘ ਨੇ 1997 ਵਿੱਚ ਰੂਸ ਦੇ ਖਿਲਾਫ ਇੱਕ ਟੈਸਟ ਸੀਰੀਜ਼ ਦੌਰਾਨ ਸੀਨੀਅਰ ਰਾਸ਼ਟਰੀ ਡੈਬਿਊ ਕੀਤਾ ਸੀ। ਸ੍ਰੀ ਸਿੰਘ ਨੇ 2000 ਅਤੇ 2004 ਦੇ ਸਮਰ ਓਲੰਪਿਕ ਵਿੱਚ ਖੇਡਿਆ, ਜਿੱਥੇ ਭਾਰਤ ਦੋਵਾਂ ਮੌਕਿਆਂ 'ਤੇ ਸੱਤਵੇਂ ਸਥਾਨ 'ਤੇ ਰਿਹਾ। ਸਿੰਘ ਬਾਅਦ ਦੇ ਮੁਕਾਬਲੇ ਵਿੱਚ ਸੱਤ ਗੋਲ ਕਰਕੇ ਭਾਰਤ ਲਈ ਸਭ ਤੋਂ ਵੱਧ ਸਕੋਰਰ ਸਨ।
ਨਵੇਂ ਆਏ ਪੁਲਿਸ ਮੁਖੀ ਸ਼੍ਰੀ ਗਗਨ ਅਜੀਤ ਸਿੰਘ ਸਾਹਮਣੇ ਆਮ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਉਨ੍ਹਾਂ ਨੂੰ ਜਿਲੇ ਅੰਦਰ ਚੱਲ ਰਹੇ ਚਿੱਟੇ ਰੂਪੀ ਮਹਾਮਾਰੀ ਬਣਿਆ ਨਸ਼ਾ,ਝਪਟਮਾਰਾਂ, ਚੋਰੀਆਂ ਕਰਨ ਵਾਲਿਆਂ ਅਤੇ ਅਪਰਾਧਿਕ ਅਨਸਰਾਂ ਤੇ ਲਗਾਮ ਕੱਸਣੀ ਪਵੇਗੀ ਤਾਂ ਜੋ ਇਲਾਕੇ ਅੰਦਰ ਚੱਲ ਰਹੇ ਇਹਨਾਂ ਅਪਰਾਧਿਕ ਮਾਮਲਿਆਂ ਤੋਂ ਇਲਾਕਾ ਨਿਵਾਸੀਆਂ ਨੂੰ ਨਿਜਾਤ ਮਿਲ ਸਕੇ ।