ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਸੰਜੀਵ ਪੁਰੀ ਬਣੇ ਰਜਿਸਟਰਾਰ
ਪਟਿਆਲਾ, 4 ਅਗਸਤ
ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਅਹਿਮ ਤਾਇਨਾਤੀਆਂ ਹੋਈਆਂ ਹਨ। ਵਾਈਸ ਚਾਂਸਲਰ ਕੇ. ਕੇ. ਯਾਦਵ ਵੱਲੋਂ ਸੀਨੀਅਰ ਪ੍ਰੋਫ਼ੈਸਰ ਡਾ. ਸੰਜੀਵ ਪੁਰੀ ਨੂੰ ਰਜਿਸਟਰਾਰ ਵਜੋਂ ਤੈਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਨਵਜੋਤ ਕੌਰ ਦੇ ਅਸਤੀਫ਼ੇ ਉਪਰੰਤ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਰਜਿਸਟਰਾਰ ਦਾ ਅਹੁਦਾ ਖਾਲੀ ਸੀ। ਡੀਨ ਅਕਾਦਮਿਕ ਮਾਮਲੇ ਹੀ ਕਾਰਜਕਾਰੀ ਰਜਿਸਟਰਾਰ ਵਜੋਂ ਕੰਮ ਕਾਜ ਵੇਖ ਰਹੇ ਸਨ। ਪ੍ਰੋ. ਸੰਜੀਵ ਪੁਰੀ ਸੀਨੀਅਰ ਅਧਿਆਪਕ ਹਨ ਜੋ ਕਿ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਸਮੇਤ ਹੋਰ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਰਹਿ ਚੁੱਕੇ ਹਨ।
ਓਧਰ ਸਿਵਲ ਇੰਜੀਨੀਅਰਿੰਗ ਵਿਭਾਗ ਤੋਂ ਡਾ. ਗੁਰਪ੍ਰੀਤ ਸਿੰਘ ਸਿੱਧੂ ਨੂੰ ਅਡੀਸ਼ਨਲ ਕੰਟਰੋਲਰ ਵਜੋਂ ਤੈਨਾਤ ਕੀਤਾ ਗਿਆ ਹੈ ਜੋ ਕਿ ਇਸ ਅਹੁਦੇ ਉੱਤੇ ਪਹਿਲਾਂ ਤੈਨਾਤ ਡਿਪਟੀ ਰਜਿਸਟਰਾਰ ਧਰਮ ਪਾਲ ਗਰਗ ਦੀ ਥਾਂ ਲੈਣਗੇ।
ਇਸੇ ਤਰ੍ਹਾਂ ਹੋਰ ਹੁਕਮਾਂ ਵਿੱਚ ਸਿਵਲ ਇੰਜੀਨੀਅਰਿੰਗ ਵਿਭਾਗ ਤੋਂ ਡਾ. ਅਨਹਦ ਸਿੰਘ ਗਿੱਲ ਨੂੰ ਕੋਆਰਡੀਨੇਟਰ ਐੱਨ. ਐੱਸ. ਐੱਸ. ਵਜੋਂ ਤੈਨਾਤ ਕੀਤਾ ਗਿਆ ਹੈ ਉਹ ਪ੍ਰੋ. ਮਮਤਾ ਸ਼ਰਮਾ ਦੀ ਥਾਂ ਲੈਣਗੇ।