ਆਨੰਦਿੱਤਾ ਮਿੱਤਰਾ ਦਾ ਬਤੌਰ ਨਗਰ ਨਿਗਮ ਕਮਿਸ਼ਨਰ ਚੰਡੀਗੜ੍ਹ ਕਾਰਜਕਾਲ ਤਿੰਨ ਮਹੀਨੇ ਲਈ ਵਧਾਇਆ
ਰਮੇਸ਼ ਗੋਇਤ
ਚੰਡੀਗੜ੍ਹ, 22 ਸਤੰਬਰ, 2024: ਆਈ ਏ ਐਸ ਅਧਿਕਾਰੀ ਆਨੰਦਿੱਤਾ ਮਿੱਤਰਾ ਦਾ ਬਤੌਰ ਨਗਰ ਨਿਗਮ ਕਮਿਸ਼ਨਰ ਚੰਡੀਗੜ੍ਹ ਕਾਰਜਕਾਲ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਉਹਨਾਂ ਦੀ ਮਿਆਦ 22 ਅਗਸਤ 2024 ਨੂੰ ਖਤਮ ਹੋ ਗਈ ਸੀ ਅਤੇ ਉਹਨਾਂ ਨੇ ਪੰਜਾਬ ਸਰਕਾਰ ਵਿਚ ਸਹਿਕਾਰਤਾ ਸਕੱਤਰ ਤੇ ਪੰਜਾਬੀ ਸਹਿਕਾਰੀ ਬੈਂਕ ਦੇ ਐਮ ਡੀ ਦੇ ਰੂਪ ਵਿਚ ਚਾਰਜ ਸੰਭਾਲ ਲਿਆ ਸੀ। ਕੇਂਦਰ ਸਰਕਾਰ ਨੇ 20 ਸਤੰਬਰ ਨੂੰ ਜਾਰੀ ਕੀਤੇ ਪੱਤਰ ਵਿਚ ਉਹਨਾਂ ਦਾ ਕਾਰਜਕਾਲ 22 ਅਗਸਤ ਤੋਂ ਤਿੰਨ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਅਧਿਕਾਰੀ ਨੂੰ ਆਪਣੇ ਮੂਲ ਕੇਡਰ ਵਿਚ ਵਾਪਸ ਜਾਣ ਤੋਂ ਬਾਅਦ ਫਿਰ ਉਸੇ ਅਹੁਦੇ ਲਈ ਐਕਸਟੈਂਸ਼ਨ ਮਿਲੀ ਹੋਵੇ।
ਕੇਂਦਰ ਸਰਕਾਰ ਦੇ ਅਮਲਾ ਅਤੇ ਸਿੱਖਲਾਈ ਵਿਭਾਗ ਵੱਲੋਂ 20 ਸਤੰਬਰ ਨੂੰ ਜਾਰੀ ਕੀਤੇ ਪੱਤਰ ਵਿਚ ਕਿਹਾ ਗਿਆ ਹੈ ਕਿ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਗ੍ਰਹਿ ਮੰਤਰਾਲੇ ਦੀ ਉਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿਚ ਮਿੱਤਰਾ ਦੇ ਅਹੁਦੇ ਦੀ ਮਿਆਦ 22 ਅਗਸਤ ਤੋਂ ਤਿੰਨ ਮਹੀਨਿਆਂ ਲਈ ਵਧਾਉਣ ਅਤੇ ਪੰਜਾਬ ਕੇਡਰ ਤੋਂ ਏ ਜੀ ਐਮ ਯੂ ਟੀ ਕੇਡਰ (ਚੰਡੀਗੜ੍ਹ) ਵਿਚ ਅੰਤਰ ਕੇਡਰ ਨਿਯੁਕਤੀ ਕੀਤੀ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅਧਿਕਾਰੀ ਨੂੰ ਮੂਲ ਕੇਡਰ ਵਿਚ ਵਾਪਸ ਜਾਣ ਤੋਂ ਬਾਅਦ ਉਸੇ ਅਹੁਦੇ ਲਈ ਐਕਸਟੈਂਸ਼ਨ ਮਿਲੀ ਹੋਵੇ। ਆਨੰਦਿੱਤਾ ਮਿੱਤਰਾ ਦੀ ਮਿਆਦ ਪੂਰੀ ਹੋਣ ਮਗਰੋਂ ਪੰਜਾਬ ਸਰਕਾਰ ਨੇ ਅਮਿਤ ਕੁਮਾਰ, ਰਾਮਵੀਰ ਅਤੇ ਗਿਰੀਸ਼ ਦਯਾਲਨ ਨਾਂ ਦੇ ਤਿੰਨ ਆਈ ਏ ਐਸ ਅਫਸਰਾਂ ਦਾ ਪੈਨਲ ਭੇਜਿਆ ਸੀ। ਮਿੱਤਰਾ ਦੀ ਮਿਆਦ ਪੂਰੀ ਹੋਣ ਮਗਰੋਂ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਦਾ ਚਾਰਜ ਡੀ ਸੀ ਵਿਨੇ ਕੁਮਾਰ ਕੋਲ ਹੈ ਜੋ ਪਿਛਲੀ ਮੀਟਿੰਗ ਵਿਚ ਸ਼ਾਮਲ ਵੀ ਹੋਏ ਸਨ।