ਸਬ ਡਵੀਜ਼ਨ ਸੁਲਤਾਨਪੁਰ ਲੋਧੀ ਬਤੌਰ ਐਸ ਡੀ ਐਮ ਅਰਪਨਾ ਐਮ ਬੀ ਨੇ ਅਹੁਦਾ ਸੰਭਾਲਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,25 ਸਤੰਬਰ 2024 ਆਈ ਏ ਐਸ ਅਧਿਕਾਰੀ (ਅੰਡਰ ਟ੍ਰੇਨਿੰਗ) ਅਰਪਨਾ ਐਮ ਬੀ ,ਆਈ ਏ ਐਸ ਨੇ ਅੱਜ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਬਤੌਰ ਐਸ ਡੀ ਐਮ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਉਹ ਬਤੌਰ ਐਸ ਡੀ ਐਮ ਮਲੇਰਕੋਟਲਾ ਵਿਖੇ ਤਾਇਨਾਤ ਸਨ। ਐਸ ਡੀ ਐਮ ਦਫਤਰ ਸੁਲਤਾਨਪੁਰ ਲੋਧੀ ਵਿਖੇ ਅਹੁਦਾ ਸੰਭਾਲਣ ਮੌਕੇ ਸੁਪਰਡੈਂਟ ਸਤਬੀਰ ਸਿੰਘ ਚੰਦੀ ਦੀ ਅਗਵਾਈ ਹੇਠ ਸਮੁੱਚੇ ਸਟਾਫ ਵੱਲੋਂ ਉਨ੍ਹਾਂ ਦਾ ਗੁਲਦਸਤੇ ਭੇਂਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਮੌਕੇ ਨਵ ਨਿਯੁਕਤ ਐਸ ਡੀ ਐਮ ਅਰਪਨਾ ਐਮ ਬੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਵਿੱਤਰ ਅਤੇ ਇਤਿਹਾਸਕ ਨਗਰੀ ਵਿੱਚ ਸੇਵਾ ਕਰਨ ਦਾ ਮੌਕਾ ਮਿਲਣ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੀ ਜਾਵੇਗੀ ਅਤੇ ਹਰੇਕ ਕੰਮ ਸਮੇਂ ਸਿਰ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੂੰ ਕੋਈ ਸਮੱਸਆ ਆਂਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਦੇ ਦਫਤਰ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।ਠੇਠ ਪੰਜਾਬੀ ਬੋਲਣ ਵਾਲੇ ਐਸ ਡੀ ਐਮ ਅਰਪਨਾ ਐਮ ਬੀ ਨੇ ਦੱਸਿਆ ਕਿ ਉਹ ਮੂਲ ਰੂਪ ਕੇਰਲ ਦੇ ਨਿਵਾਸੀ ਹਨ ਅਤੇ ਉਨ੍ਹਾਂ ਦੀ ਸਾਰੀ ਪੜ੍ਹਾਈ ਦਿੱਲੀ ਦੇ ਵੱਖ ਵੱਖ ਸਕੂਲਾਂ ਦੀ ਹੈ।
ਉਹ ਯੂ ਪੀ ਦੇ ਪੰਜਾਬੀ ਪਰਿਵਾਰ ਵਿੱਚ ਵਿਆਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਯੂ ਪੀ ਐਸ ਪ੍ਰੀਖਿਆ ਲਈ ਉਨ੍ਹਾਂ ਨੇ ਕਿਸੇ ਅਕੈਡਮੀ ਤੋਂ ਤਿਆਰੀ ਨਹੀਂ ਸਗੋਂ ਖੁਦ ਮਿਹਨਤ ਕਰਕੇ ਪਾਸ ਕੀਤੀ ਹੈ । ਇਸ ਮੌਕੇ ਸੁਪਰਡੈਂਟ ਸਤਬੀਰ ਸਿੰਘ ਚੰਦੀ,ਸਟੈਨੋ ਜਗਦੀਸ਼ ਲਾਲ,ਰੀਡਰ ਰਣਜੀਤ ਸਿੰਘ ਸੈਣੀ, ਗੁਰਵਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ ਥਿੰਦ, ਅਮਰਜੀਤ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।ਅਹੁਦਾ ਸੰਭਾਲਣ ਤੋਂ ਬਾਅਦ ਐਸ ਡੀ ਐਮ ਅਰਪਨਾ ਐਮ ਬੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪਰਮਾਤਮਾ ਦਾ ਓਟ ਆਸਰਾ ਲਿਆ।ਇਸ ਮੌਕੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਿਰੋਪਾਉ ਦੀ ਬਖਸ਼ਿਸ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।