ਨੌਜਵਾਨ ਨੇ ਮੋਟਰ 'ਤੇ ਬਣਾਈ ਲਾਈਬ੍ਰੇਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 17 ਸਤੰਬਰ 2021 - ਤੁਸੀਂ ਖੇਤਾਂ ਵਿੱਚ ਲੱਗੀ ਮੋਟਰ ਅਕਸਰ ਵੇਖਦੇ ਹੋਵੋਗੇ ਜਾਂ ਮੋਟਰ ਤੇ ਬਣਿਆ ਇੱਕ ਛੋਟਾ ਜਿਹਾ ਕਮਰਾ ਜਿਸਨੂੰ ਬੰਬੀ ਜਾ਼ਂ ਕੋਠੀ ਵੀ ਕਿਹਾ ਜਾਂਦਾ ਹੈ। ਜੋ ਕਿਸਾਨ ਦਾ ਦੂਜਾ ਘਰ ਵੀ ਮੰਨੀ ਜਾਂਦੀ ਹੈ। ਇਸਦਾ ਜਿਕਰ ਪੰਜਾਬੀ ਗਾਣਿਆਂ ਵਿੱਚ ਜਿਆਦਾਤਾਰ ਹੁੰਦਾ ਹੀ ਰਹਿੰਦਾ ਹੈ। ਕਿਸਾਨ ਇਸਨੂੰ ਆਪਣੇ ਖੇਤਾਂ ਵਿੱਚ ਵਰਤੇ ਜਾਂਦੇ ਸੰਦ ਰੱਖਣ ਲਈ ਵੀ ਵਰਤੋਂ ਵਿੱਚ ਲਿਆਉਦੇ ਹਨ।
ਪਰ ਇੱਕ ਨੌਜਵਾਨ ਅਜਿਹਾ ਵੀ ਹੈ ਜਿਸਨੇ ਆਪਣੀ ਪਿੰਡ ਦੀ ਮੋਟਰ ਨੂੰ ਲਾਈਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਹੈ। ਮਨਦੀਪ ਖਿੰਡਾ ਨਾਮ ਦਾ ਇਹ ਨੌਜਵਾਨ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਦਾ ਰਹਿਣ ਵਾਲਾ ਹੈ। ਜਿਸਨੇ ਤੇਰਾ - ਤੇਰਾ ਨਾਮ ਤੇ ਪਿੰਡ ਦੇ ਖੇਤਾਂ ਵਿੱਚ ਲੱਗੀ ਮੋਟਰ ਦੇ ਕਮਰੇ ਨੂੰ ਲਾਈਬ੍ਰੇਰੀ ਵਿੱਚ ਬਦਲ ਦਿੱਤਾ ਹੈ। ਮਨਦੀਪ ਖੁਦ ਇੱਕ ਸਰਕਾਰੀ ਵਿਭਾਗ ਵਿੱਚ ਨੌਕਰੀ ਕਰਦਾ ਹੈ।
ਮਨਦੀਪ ਦਾ ਕਹਿਣਾ ਹੈ ਕਿ ਉਹ ਖੁਦ ਵੀ ਗੁਰੂ ਨਾਨਕ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਦਾ ਜੰਮਪਲ ਹੈ, ਜਿੱਥੇ ਬਾਬਾ ਨਾਨਕ ਜੀ ਨੇ ਤੇਰਾ - ਤੇਰਾ ਤੋਲਿਆ ਸੀ। ਇਸ ਲਈ ਉਸਨੇ ਇਸ ਲਾਈਬ੍ਰੇਰੀ ਦਾ ਨਾਮ ਤੇਰਾ -ਤੇਰਾ ਲਾਈਬ੍ਰੇਰੀ ਦੇ ਨਾਮ ਤੇ ਰੱਖਿਆ ਹੈ।
ਦੂਜੇ ਪਾਸੇ ਇਹ ਲਾਇਬ੍ਰੇਰੀ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਦੀ ਪ੍ਰਸ਼ੰਸਾ ਹੋ ਕੀਤੀ ਜਾ ਰਹੀ ਹੈ ਉਸ ਦੇ ਇਸ ਉਪਰਾਲੇ ਤੋ ਉਸ ਦੇ ਪਿਤਾ ਨੂੰ ਮਾਣ ਹੈ ਤੇ ਪਿੰਡ ਵਿੱਚ ਇਸ ਲਾਇਬਰੇਰੀ ਦਾ ਫਾਇਦਾ ਲੈਣ ਵਾਲੇ ਵੀ ਕਾਫੀ ਉਤਸਾਹਿਤ ਹਨ।