ਵਿਸ਼ਵਕਰਮਾ ਦਿਹਾੜੇ 'ਤੇ ਵੀ ਕੰਮ ਚਲਦਾ ਹੈ ਪੰਜਾਬ ਦੀ ਇਸ ਵਰਕਸ਼ਾਪ 'ਚ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 4 ਨਵੰਬਰ 2021 - ਦਿਵਾਲੀ ਤੋਂ ਅਗਲੇ ਦਿਨ ਸਾਰੇ ਮੁਲਕ ਚ ਖਾਸਕਰ ਉੱਤਰੀ ਭਾਰਤ ਚ ਵਿਸ਼ਵਕਰਮਾ ਦਿਹਾੜਾ ਮਨਾਇਆ ਜਾਂਦਾ ਹੈ।ਔਜ਼ਾਰਾਂ ਦੇ ਰਚਣਹਾਰੇ ਮੰਨੇ ਗਏ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾ ਭੇਟ ਕਰਨ ਵਾਸਤੇ ਸਾਰੇ ਕਾਰੀਗਰ ਇਸ ਦਿਨ ਆਪਣਾ ਕੰਮ ਬੰਦ ਕਰਕੇ ਆਪਣੇ ਸੰਦਾਂ ਦੀ ਪੂਜਾ ਕਰਦੇ ਹਨ।ਭਾਵੇਂ ਕਿਸੇ ਨੂੰ ਕਿੰਨੀ ਵੀ ਲੋੜ ਕਿਓਂ ਨਾ ਹੋਵੇ ਮਿਸਤਰੀ ਭਰਾ ਆਪਦੇ ਅਕੀਦੇ ਚ ਪਰਪੱਕ ਰਹਿੰਦਿਆਂ ਕਿਸੇ ਪਲਾਸ ਪੇਚਕਸ ਦੀ ਵਰਤੋਂ ਨਹੀਂ ਕਰਦੇ।ਇੱਥੋਂ ਤੱਕ ਕਿ ਟਾਇਰ ਵਿੱਚ ਫੂਕ ਵੀ ਨਹੀਂ ਭਰਦੇ।ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾ ਭੇਟ ਕਰਨ ਅਤੇ ਔਜ਼ਾਰਾਂ ਨੂੰ ਧੂਫ-ਬੱਤੀ ਕਰਨ ਮਗਰੋਂ ਸਾਰੀਆਂ ਵਰਕਸ਼ਾਪਾਂ ਤੇ ਕਾਰਖ਼ਾਨੇ ਅਤੇ ਉਸਾਰੀ ਵਗੈਰਾ ਦੇ ਕੰਮ ਸਾਰੀ ਦਿਹਾੜੀ ਬੰਦ ਰਹਿੰਦੇ ਹਨ ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਐਨ ਸੈਂਟਰ ਵਿੱਚ ਬੀਤੀ ਲਗਭਗ ਅੱਧੀ ਸਦੀ ਤੋਂ ਕੰਮ ਕਰ ਰਹੀ ਇੱਕ ਮੋਟਰ ਵਰਕਸ਼ਾਪ ਕਿਸੇ ਵੀ ਵਿਸ਼ਵਕਰਮਾ-ਡੇ ਤੇ ਅੱਜ ਤੱਕ ਬੰਦ ਨਹੀਂ ਹੋਈ।ਲੁਦੇਹਾਣੇ ਜਿਲੇ ਦੇ ਕਸਬਾ ਮੁੱਲਾਂਪੁਰ ਦਾਖਾ ਦੇ ਮੇਨ ਬਜ਼ਾਰ ਰਾਇਕੋਟ ਰੋਡ ਤੇ ‘ਕੁਲਵੰਤ ਮੋਟਰਜ਼’ ਦੇ ਨਾਂਅ ਹੇਠ ਸਕੂਟਰ-ਮੋਟਰ ਸਾਇਕਲ ਮੁਰੰਮਤ ਦਾ ਕੰਮ ਕਰਦੀ ਇਹ ਵਰਕਸ਼ਾਪ ਕਸਬੇ ਦੀਆਂ ਮੇਨ ਰਿਪੇਅਰ ਸ਼ਾਪਾਂ ਚੋਂ ਇੱਕ ਹੈ।
ਕੁਲਵੰਤ ਮੋਟਰਜ਼ ਦੇ ਮਾਲਕ ਸ੍ਰ ਰਵਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਮੇਰੇ ਪਿਤਾ ਸ੍ਰ ਕੁਲਵੰਤ ਸਿੰਘ ਨੇ ਇਥੇ 1974 ਚ ਸਕੂਟਰ,ਮੋਟਰ ਸਾਇਕਲ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਸੀ ਪਰ ਉਹਨਾਂ ਨੇ ਕਦੇ ਵੀ ਵਿਸ਼ਵਕਰਮਾ ਦਿਹਾੜੇ ਤੇ ਆਪਦਾ ਕੰਮ ਬੰਦ ਨਹੀਂ ਸੀ ਕੀਤਾ।ਉਹਨਾਂ ਦੱਸਿਆ ਕਿ ਉਹਨਾ ਦੀ ਭਗਵਾਨ ਵਿਸ਼ਵਕਰਮਾ ਵਿੱਚ ਪੂਰੀ ਸ਼ਰਧਾ ਸੀ ਪਰ ਉਹ ਕਹਿੰਦੇ ਸਨ ਕਿ ਵਿਸ਼ਵਕਰਮਾ ਦਿਹਾੜੇ ਦੀ ਵਜਾਹ ਕਰਕੇ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਇਹ ਠੀਕ ਨਹੀਂ ਹੈ, ਹੋ ਸਕਦਾ ਹੈ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ। 2012 ਚ ਆਪਣੇ ਪਿਤਾ ਸ੍ਰ ਕੁਲਵੰਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਸ੍ਰ ਰਵਿੰਦਰ ਸਿੰਘ ਸੋਨੂ ਨੇ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚਲਦਿਆਂ ਵਿਸ਼ਵਕਰਮਾ ਦਿਹਾੜੇ ਤੇ ਵਰਕਸ਼ਾਪ ਖੁੱਲੀ ਰੱਖਣ ਦਾ ਦਸਤੂਰ ਕਾਇਮ ਰੱਖਿਆ ਹੋਇਆ ਹੈ।