ਤਿਉਹਾਰਾਂ ਤੋਂ ਬਾਅਦ ਵਿਆਹ ਸ਼ਾਦੀਆਂ ਅਤੇ ਚੋਣਾਂ ਦੇ ਸੀਜ਼ਨ ਨੇ ਵਧਾਈ ਫੁੱਲਾਂ ਦੀ ਡਿਮਾਂਡ, ਪੰਜਾਬ ਚ' ਵੀ ਵਧਣ ਲੱਗਾ ਫੁੱਲਾਂ ਦੀ ਖੇਤੀ ਦਾ ਰਕਬਾ
ਸੰਜੀਵ ਸੂਦ
- ਇਕ ਕਿੱਲੇ ਚੋਂ ਲਗਪਗ ਦੋ ਲੱਖ ਦਾ ਮੁਨਾਫ਼ਾ
ਲੁਧਿਆਣਾ, 29 ਦਸੰਬਰ 2021 - ਪੰਜਾਬ ਦੇ ਵਿੱਚ ਫਸਲੀ ਵਿਭਿੰਨਤਾ ਵੱਲ ਲਗਾਤਾਰ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਹੁਣ ਪੰਜਾਬ ਦੇ ਅੰਦਰ ਫੁੱਲਾਂ ਦੀ ਖੇਤੀ ਦਾ ਚਲਨ ਵਧਣ ਲੱਗਾ ਹੈ। ਖਾਸ ਕਰਕੇ ਫੈਸਟੀਵਲ ਸੀਜ਼ਨ ਤੋਂ ਬਾਅਦ ਹੁਣ ਵਿਆਹ ਸ਼ਾਦੀਆਂ ਅਤੇ ਚੋਣਾਂ ਦੇ ਕਰਕੇ ਫੁੱਲਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਅਤੇ ਥੋਕ ਦੀਆਂ ਕੀਮਤਾਂ ਚ ਵੀ ਇਜ਼ਾਫ਼ਾ ਹੋ ਰਿਹਾ ਹੈ। ਜਿਸ ਦਾ ਅਸਰ ਨਾ ਸਿਰਫ਼ ਫੁੱਲ ਵਿਕਰੇਤਾਵਾਂ ਨੂੰ ਹੋ ਰਿਹਾ ਸਗੋਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਇਸ ਖੇਤੀ ਤੋਂ ਦੂਣਾ ਮੁਨਾਫ਼ਾ ਕਮਾ ਰਹੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਡਾ ਆਰ ਕੇ ਦੂਬੇ ਨੇ ਦੱਸਿਆ ਕਿ ਸੰਗਰੂਰ ਪਟਿਆਲਾ ਬਰਨਾਲਾ ਅਤੇ ਲੁਧਿਆਣੇ ਦੇਵੀ ਇਲਾਕੇ ਦੇ ਵਿੱਚ ਹੁਣ ਫੁੱਲਾਂ ਦੀ ਵੱਡੀ ਖੇਤੀ ਹੋਣ ਲੱਗੀ ਹੈ।
ਕਿਹੜੇ ਸੀਜ਼ਨ ਚ ਕਿਹੜੇ ਫੁੱਲ
ਡਾ ਆਰ ਕੇ ਦੂਬੇ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਪੂਰਾ ਸਾਲ ਹੁੰਦੀ ਹੈ ਕਈ ਫੁੱਲਾਂ ਦੀ ਕਿਸਮਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਕਈ ਝਾੜ ਲੱਤੇ ਜਾ ਸਕਦੇ ਨੇ। ਉਨ੍ਹਾਂ ਕਿਹਾ ਕਿ ਹੁਣ ਗੇਂਦੇ ਦੇ ਫੁੱਲ ਦੀ ਵੀ ਕਈ ਕਿਸਮਾਂ ਆ ਗਈਆਂ ਨੇ। ਖ਼ਾਸ ਕਰਕੇ ਲੱਡੂ ਨਾਂਅ ਦੀ ਕਿਸਮ ਨਵੀਂ ਯੂਨੀਵਰਸਿਟੀ ਵੱਲੋਂ ਈਜਾਦ ਕੀਤੀ ਗਈ ਹੈ। ਜਿਸ ਦੀ ਡਿਮਾਂਡ ਧਾਰਮਿਕ ਸਥਾਨਾਂ ਤੇ ਵਧੇਰੇ ਹੁੰਦੀ ਹੈ।
ਹਾਈਬ੍ਰਿਡ ਬੀਜਾਂ ਨੇ ਲਿਆਂਦਾ ਰੈਵੋਲੂਸ਼ਨ
ਡਾ ਦੂਬੇ ਨੇ ਦੱਸਿਆ ਕਿ ਹਾਈਬ੍ਰਿਡ ਬੀਜਾਂ ਨੇ ਫੁੱਲਾਂ ਦੀ ਖੇਤੀ ਦੇ ਵਿਚ ਨਵਾਂ ਰੈਵੋਲਿਊਸ਼ਨ ਲਿਆਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਜੋ ਨਰਸਰੀ ਸਥਾਪਿਤ ਕੀਤੀ ਗਈ ਹੈ। ਉਸ ਨੂੰ ਤਿੱਨ ਤੋਂ ਚਾਰ ਦਹਾਕੇ ਹੋ ਚੁੱਕੇ ਨੇ। ਇੱਥੋਂ ਤੱਕ ਕਿ ਕਈ ਬੂਟੇ 30-40 ਸਾਲ ਤਕ ਪੁਰਾਣੇ ਨੇ। ਜਿਨ੍ਹਾਂ ਤੋਂ ਕਲਮਾਂ ਤਿਆਰ ਕਰਕੇ ਅਤੇ ਬੀਜ ਤਿਆਰ ਕਰਕੇ ਉਹ ਅੱਗੇ ਵੇਚਦੇ ਨੇ ਜਿਨ੍ਹਾਂ ਤੋਂ ਚੰਗੀ ਫੁੱਲਾਂ ਦੀ ਖੇਤੀ ਹੁੰਦੀ ਹੈ।
ਤਿੰਨ ਤੋਂ ਚਾਰ ਮਹੀਨੇ 'ਚ ਹੋ ਜਾਂਦੀ ਹੈ ਫਸਲ
ਡਾ ਦੂਬੇ ਨੇ ਦੱਸਿਆ ਕਿ ਫੁੱਲਾਂ ਦੀ ਫਸਲ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਹੀ ਹੋ ਜਾਂਦੀ ਹੈ। ਪਹਿਲੀ ਫ਼ਸਲ ਤਿਆਰ ਹੋਣ ਨੂੰ ਤਿੰਨ ਤੋਂ ਚਾਰ ਮਹੀਨੇ ਲਗਦੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਫੁੱਲਾਂ ਦੀ ਖੇਤੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਗੇਂਦੇ ਦੇ ਫੁੱਲਾਂ ਤੋਂ ਇਸ ਦੀ ਸ਼ੁਰੂਆਤ ਕਰੇ। ਉਨ੍ਹਾਂ ਨੇ ਕਿਹਾ ਕਿ ਪੂਰੇ ਸਾਲ ਕਿਸੇ ਵੀ ਸੀਜ਼ਨ ਦੇ ਵਿੱਚ ਫੁੱਲ ਲਗਾਇਆ ਜਾ ਸਕਦਾ ਹੈ।
ਝੋਨੇ ਨਾਲੋਂ 25 ਫ਼ੀਸਦੀ ਪਾਣੀ ਦੀ ਘੱਟ ਖਪਤ
ਝੋਨੇ ਦੀ ਖੇਤੀ ਨਾਲੋਂ ਅਤੇ ਗੰਨੇ ਦੀ ਖੇਤੀ ਨਾਲੋਂ ਫੁੱਲਾਂ ਦੀ ਖੇਤੀ ਪਿੰਡ ਵਿੱਚ ਪਾਣੀ ਦੀ ਘੱਟ ਖਪਤ ਹੁੰਦੀ ਹੈ। ਜਿਸ ਦਾ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ ਆਰ ਕੇ ਦੂਬੇ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਫੁੱਲਾਂ ਦੀ ਖੇਤੀ ਚ ਕਣਕ ਜਿੰਨਾ ਪਾਣੀ ਲੱਗ ਹੀ ਜਾਂਦਾ ਹੈ। ਪਰ ਝੋਨੇ ਅਤੇ ਗੰਨੇ ਦੇ ਮੁਕਾਬਲੇ ਇਹ ਘੱਟ ਪਾਣੀ ਲੈਂਦੀ ਹੈ।
ਨੌਜਵਾਨਾਂ ਚ ਉਤਸ਼ਾਹ
ਯੂਨੀਵਰਸਿਟੀ ਦੇ ਮਾਹਰ ਡਾਕਟਰ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਨੂੰ ਲੈ ਕੇ ਕੋਰੋਨਾ ਦੇ ਦੌਰਾਨ ਕਾਫ਼ੀ ਕਟੌਤੀ ਆਈ ਸੀ। ਪਰ ਹੁਣ ਇਕ ਸਾਲ ਤੋਂ ਨੌਜਵਾਨਾਂ ਅੰਦਰ ਫੁੱਲਾਂ ਦੀ ਖੇਤੀ ਦਾ ਰੁਝਾਨ ਵਧ ਰਿਹਾ ਹੈ ਕਿਉਂਕਿ ਘੱਟ ਜ਼ਮੀਨ ਚੋ ਵੱਧ ਮੁਨਾਫ਼ਾ ਲੈ ਸਕਦੇ ਨੇ।