ਬੱਚਿਆਂ ਨੇ ਖੁਦ ਕਰਵਾਇਆ ਆਪਣੀ ਤਲਾਕਸ਼ੁਦਾ ਮਾਂ ਦਾ ਦੂਜਾ ਵਿਆਹ
ਦੀਪਕ ਗਰਗ
- ਰੋਮਾਂਚ ਅਤੇ ਭਾਵਨਾਵਾਂ ਦੇ ਸਮੁੰਦਰ ਵਿੱਚ ਲੈ ਜਾਵੇਗੀ ਮਦਰ ਇੰਡੀਆ ਦੀ ਨਵੀਂ ਕਹਾਣੀ
ਚੰਡੀਗੜ੍ਹ, 16 ਜਨਵਰੀ 2022 - ਭਾਰਤੀ ਸਮਾਜ ਵਿਚ ਮਾਂ ਅਤੇ ਉਸਦੇ ਬੱਚਿਆਂ ਦਾ ਰਿਸ਼ਤਾ ਅਜਿਹਾ ਹੁੰਦਾ ਹੈ, ਜਿਸ ਦੀ ਤੁਲਨਾ ਕਿਸੇ ਹੋਰ ਰਿਸ਼ਤੇ ਨਾਲ ਨਹੀਂ ਕੀਤੀ ਜਾ ਸਕਦੀ। ਮਾਵਾਂ, ਜੋ ਆਪਣੇ ਬੱਚਿਆਂ ਲਈ ਕੁਰਬਾਨੀਆਂ ਕਰਦੀਆਂ ਹਨ ਅਤੇ ਉਨ੍ਹਾਂ ਦੀ ਖਾਤਰ ਦੁਨੀਆਂ ਨਾਲ ਲੜਨ ਦੀ ਹਿੰਮਤ ਰੱਖਦੀਆਂ ਹਨ, ਉਹ ਕਿਸੇ ਹੋਰ ਲਈ ਕਰਨਾ ਔਖਾ ਹੈ।
ਅਜਿਹੀ ਹੀ ਇਕ ਮਾਂ ਦੀ ਕਹਾਣੀ ਇੰਸਟਾਗ੍ਰਾਮ 'ਤੇ ਸਾਹਮਣੇ ਆਈ ਹੈ, ਜੋ ਬਾਲਗ ਹੋਣ ਤੋਂ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝ ਗਈ ਸੀ। ਜੋ ਜੀਵਨ ਉਸ ਲਈ ਖੁਸ਼ੀ ਦਾ ਨਵਾਂ ਸਰੋਤ ਬਣਨਾ ਚਾਹੀਦਾ ਸੀ, ਉਹ ਜਿੰਦਗੀ ਨਰਕ ਵਰਗੀ ਹੋ ਗਈ। ਛੇੜਛਾੜ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਇਸ ਔਰਤ ਨੇ ਦੋ ਬੱਚਿਆਂ ਦੇ ਜਨਮ ਤੋਂ ਬਾਅਦ ਸਭ ਕੁਝ ਚੁੱਪਚਾਪ ਝੱਲਿਆ ਤਾਂ ਕਿ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਕੁਝ ਨਾ ਹੋਵੇ। ਪਰ ਫਿਰ ਕੁਝ ਅਜਿਹਾ ਹੋਇਆ ਕਿ ਔਰਤ ਨੇ ਆਪਣੇ ਆਪ ਨੂੰ ਇਸ ਰੋਜ਼ਾਨਾ ਦੇ ਦੁੱਖ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ।
ਇਥੇ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ, ਉੱਥੇ ਔਰਤਾਂ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਆਪਣੀ ਪੂਰੀ ਜ਼ਿੰਦਗੀ ਦਮ ਘੁੱਟ ਕੇ ਗੁਜ਼ਾਰ ਦਿੰਦੀਆਂ ਹਨ। ਜੇਕਰ ਔਰਤਾਂ ਦਾ ਪਤੀ ਖੁਦ ਉਨ੍ਹਾਂ ਦੀ ਇੱਜ਼ਤ ਨਹੀਂ ਕਰਦਾ ਤਾਂ ਬਾਕੀ ਪਰਿਵਾਰ ਦੀ ਗੱਲ ਤਾਂ ਵੱਖਰੀ ਹੈ। ਅਜਿਹੀ ਸਥਿਤੀ ਵਿੱਚ ਔਰਤ ਮਜਬੂਰ ਹੋਕੇ ਹਾਲਾਤਾਂ ਨਾਲ ਸਮਝੌਤਾ ਕਰ ਲੈਂਦੀ ਹੈ।
ਲੇਕਿਨ ਇਸ ਸੱਚੀ ਕਹਾਣੀ ਵਿੱਚ ਬੱਚੇ ਆਪਣੀ ਮਾਂ ਦਾ ਸਹਾਰਾ ਅਤੇ ਹਿੰਮਤ ਬਣ ਗਏ। ਪਹਿਲਾਂ ਆਪਣੇ ਬੱਚਿਆਂ ਨੂੰ ਖੁਸ਼ਹਾਲ ਜੀਵਨ ਦੇਣ ਦੀ ਇੱਛਾ ਵਿਚ ਔਰਤ ਨੇ ਉਹ ਕਰ ਦਿਖਾਇਆ ਜੋ ਸਿਰਫ ਇਕ ਮਾਂ ਹੀ ਕਰ ਸਕਦੀ ਹੈ। ਜਦੋਂ ਹਾਲਾਤ ਸੁਧਰੇ ਅਤੇ ਬੱਚੇ ਵੱਡੇ ਹੋ ਗਏ, ਤਾਂ ਉਨ੍ਹਾਂ ਨੇ ਵੀ ਆਪਣੀ ਮਾਂ ਦੀ ਖੁਸ਼ੀ ਨੂੰ ਪਹਿਲੀ ਤਰਜੀਹ ਦਿੱਤੀ ਅਤੇ ਇਕ ਬਾਰ ਫੇਰ ਉਸਨੂੰ ਖੁਸ਼ਹਾਲ ਵਿਆਹੁਤਾ ਜੀਵਨ ਜਿਉਣ ਦਾ ਮੌਕਾ ਦਿੱਤਾ। ਇਹ ਪਲ ਅਜਿਹਾ ਸੀ, ਜਿਸ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਸ਼੍ਰੇਆ ਨੇ ਇਹ ਪੂਰੀ ਕਹਾਣੀ ਹਿਊਮਨਜ਼ ਆਫ਼ ਬੰਬੇ ਨਾਲ ਸਾਂਝੀ ਕੀਤੀ ਹੈ। ਸ਼੍ਰੇਆ ਮੁਤਾਬਿਕ ਮਾਂ ਨੇ 17 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਅਤੇ ਜਦੋਂ ਉਹ 18 ਸਾਲ ਦੀ ਸੀ ਤਾਂ ਮੈਨੂੰ ਜਨਮ ਦਿੱਤਾ। ਇਹ ਘਰੇਲੂ ਹਿੰਸਾ ਨਾਲ ਭਰਿਆ ਵਿਆਹ ਸੀ। ਉਹ ਗਰਭ ਅਵਸਥਾ ਦੌਰਾਨ ਵੀ ਮੇਰੀ ਮਾਂ ਨੂੰ ਮਾਰਦਾ ਸੀ। ਇਸ ਸਭ ਦੇ ਬਾਵਜੂਦ ਉਸ ਦੇ ਮਾਪੇ ਉਸ ਨੂੰ ਐਡਜਸਟ ਕਰਨ ਲਈ ਕਹਿੰਦੇ ਸਨ। ਜਦੋਂ ਮੇਰਾ ਭਰਾ ਪੈਦਾ ਹੋਇਆ ਸੀ, ਉਦੋਂ ਵੀ ਕੁਝ ਨਹੀਂ ਬਦਲਿਆ। ਅਸੀਂ ਆਪਣੀ ਮਾਂ ਨੂੰ ਪਿਤਾ ਦੁਆਰਾ ਤਸ਼ੱਦਦ ਹੁੰਦੇ ਦੇਖ ਕੇ ਵੱਡੇ ਹੋਏ ਹਾਂ।
ਅਸੀਂ ਇਸ ਡਰ ਕਾਰਨ ਸਕੂਲ ਨਹੀਂ ਗਏ ਕਿ ਪਾਪਾ ਮਾਂ ਨੂੰ ਮਾਰ ਦੇਣਗੇ। ਜੇਕਰ ਅਸੀਂ ਵਿਚਕਾਰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਨੂੰ ਵੀ ਮਾਰ ਦੇਣਗੇ। ਜਦੋਂ ਮੈਂ 9 ਸਾਲਾਂ ਦੀ ਸੀ, ਅਸੀਂ ਦੋ ਮਹੀਨੇ ਸਕੂਲ ਨਹੀਂ ਗਏ। ਜਦੋਂ ਸਕੂਲ ਦੇ ਸਲਾਹਕਾਰ ਨੇ ਘਰ ਬੁਲਾਇਆ, ਤਾਂ ਮਾਂ ਨੂੰ ਅਹਿਸਾਸ ਹੋਇਆ ਕਿ ਇਸ ਦਾ ਸਾਡੇ ਉੱਤੇ ਕੀ ਅਸਰ ਪਿਆ ਸੀ। ਇਸ ਤੋਂ ਬਾਅਦ ਮਾਂ ਨੇ ਸਾਡੇ ਪਿੱਤਾ ਤੋਂ ਵੱਖ ਹੋਣ ਦਾ ਫੈਸਲਾ ਕੀਤਾ। ਉਸ ਦੇ ਮਾਤਾ-ਪਿਤਾ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਸਾਰੇ ਰਿਸ਼ਤੇ ਤੋੜ ਦਿੱਤੇ। ਇਸ ਦੇ ਬਾਵਜੂਦ ਮਾਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੀ ਅਤੇ ਅਸੀਂ ਉਹ ਘਰ ਛੱਡ ਦਿੱਤਾ।
ਮਾਂ ਇੱਕ ਕਾਲ ਸੈਂਟਰ ਵਿੱਚ ਕੰਮ ਕਰਨ ਲੱਗੀ। ਮੈਂ ਅਤੇ ਸਮੀਰ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸੀ, ਜਦੋਂ ਮੇਰੀ ਮਾਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਘਰ ਦੇ ਕੰਮ-ਕਾਜ ਸੰਭਾਲਣ ਤੋਂ ਲੈ ਕੇ ਸਾਡਾ ਖਿਆਲ ਰੱਖਣ, ਪੜ੍ਹਾਈ-ਲਿਖਾਈ ਅਤੇ ਕੰਮ-ਕਾਜ ਕਰਨ ਤੱਕ, ਸਭ ਕੁਝ ਸੰਭਾਲਣ ਲਈ ਮਾਂ ਹਮੇਸ਼ਾ ਭੱਜ ਨਸ ਕਰਦੀ ਰਹਿੰਦੀ ਸੀ। ਜਦੋਂ ਮੈਂ 12 ਸਾਲਾਂ ਦੀ ਸੀ, ਮੈਂ ਉਸ ਨੂੰ ਗ੍ਰੈਜੂਏਟ ਹੁੰਦੇ ਦੇਖਿਆ। ਮੈਨੂੰ ਉਨ੍ਹਾਂ 'ਤੇ ਬਹੁਤ ਮਾਣ ਮਹਿਸੂਸ ਹੋਇਆ।
ਇਸ ਤੋਂ ਬਾਅਦ ਉਨ੍ਹਾਂ ਨੇ ਐਮਬੀਏ ਕੀਤਾ ਅਤੇ ਉਤਪਾਦ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਤਲਾਕ ਵੀ ਤੈਅ ਹੋ ਗਿਆ। ਆਖਰਕਾਰ ਚੀਜ਼ਾਂ ਠੀਕ ਹੁੰਦੀਆਂ ਜਾ ਰਹੀਆਂ ਸਨ ਅਤੇ ਇਸ ਸਮੇਂ ਦੌਰਾਨ 'ਕੇ' ਸਾਡੀ ਜ਼ਿੰਦਗੀ ਵਿਚ ਦਾਖਲ ਹੋਏ। ਦੋਵਾਂ ਦੀ ਮੁਲਾਕਾਤ 6 ਸਾਲ ਪਹਿਲਾਂ ਹੋਈ ਸੀ। ਅਸੀਂ ਉਨ੍ਹਾਂ ਨੂੰ ਆਪਣੀ ਮਾਂ ਦੇ ਦਫਤਰ ਦੇ ਦੋਸਤ ਵਜੋਂ ਜਾਣਦੇ ਸੀ। ਮੈਂ ਅਤੇ ਸਮੀਰ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਸੀ।
ਜਦੋਂ ਅਸੀਂ ਸਾਰੇ ਦੋ ਮਹੀਨੇ ਪਹਿਲਾਂ ਦੁਬਈ ਗਏ ਸੀ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਡੇਟਿੰਗ ਕਰ ਰਹੇ ਸਨ। ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਸ ਦਿਨ ਰਾਤ ਦੇ ਖਾਣੇ ਦੌਰਾਨ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਦੋਵਾਂ ਵਿੱਚ ਪਿਆਰ ਹੋਇਆ। ਗੱਲ ਕਰਦਿਆਂ ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ, ਮੈਂ ਉਸਨੂੰ ਪਹਿਲੀ ਵਾਰ ਇੰਨਾ ਖੁਸ਼ ਦੇਖਿਆ ਸੀ। ਮੈਂ ਅਤੇ ਸਮੀਰ ਮੁੰਬਈ ਵਾਪਸ ਆ ਗਏ, ਪਰ ਇੱਕ ਮਹੀਨੇ ਦੇ ਅੰਦਰ ਹੀ ਦੋਹਾਂ ਨੇ ਸਾਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ। 12 ਦਸੰਬਰ ਨੂੰ ਇਨ੍ਹਾਂ ਪ੍ਰੇਮੀਆਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਕਿ 'ਅਸੀਂ 5 ਦਿਨਾਂ ਵਿੱਚ ਵਿਆਹ ਕਰਨ ਜਾ ਰਹੇ ਹਾਂ'।
ਮੈਂ ਬਹੁਤ ਭਾਵੁਕ ਹੋਣ ਦੇ ਨਾਲ-ਨਾਲ ਉਤਸ਼ਾਹਿਤ ਵੀ ਹੋ ਰਹੀ ਸੀ। ਮੈਂ ਮਾਂ ਲਈ ਬਹੁਤ ਖੁਸ਼ ਸੀ। ਸਮੀਰ ਤੇ ਮੈਂ ਕਿਸੇ ਤਰ੍ਹਾਂ ਦੋਨਾਂ ਦੇ ਵਿਆਹ ਦਾ ਪ੍ਰਬੰਧ ਕੀਤਾ। ਇਹ ਮੇਰੇ ਲਈ ਬਹੁਤ ਭਾਵੁਕ ਪਲ ਸਨ। ਫੇਰਿਆਂ ਦੇ ਦੌਰਾਨ ਮੈਂ ਆਪਣੇ ਆਪ ਨੂੰ ਰੋਣ ਤੋਂ ਰੋਕ ਨਹੀਂ ਸਕੀ। ਵਿਦਾਇਗੀ ਸਮੇਂ ਮੇਰੀ ਮਾਂ ਨੇ ਕਿਹਾ, 'ਇਸ ਨੂੰ ਬਾਹਰ ਕੱਢੋ। ਇਹ ਮੈਨੂੰ ਵੀ ਰੁਲਾ ਰਹੀ ਹੈ, ਮੇਰਾ ਮੇਕਅੱਪ ਖਰਾਬ ਹੋ ਜਾਵੇਗਾ।' ਇਹ ਸੁਣ ਕੇ ਸਾਰੇ ਹੱਸਣ ਲੱਗੇ। ਉਹ ਦਿਨ ਸੰਪੂਰਨ ਸੀ।
ਜਦੋਂ ਤੱਕ 'ਕੇ' ਸਾਡੀ ਜ਼ਿੰਦਗੀ ਵਿੱਚ ਨਹੀਂ ਸੀ, ਉਦੋਂ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਸੰਭਾਲ ਰਹੇ ਸੀ। ਹਾਲਾਂਕਿ, ਉਨ੍ਹਾਂ ਦੇ ਆਉਣ ਤੋਂ ਬਾਅਦ, ਸਾਡੀ ਜ਼ਿੰਦਗੀ ਹੋਰ ਖੁਸ਼ੀਆਂ ਨਾਲ ਭਰ ਗਈ ਹੈ। ਮਾਂ ਹਮੇਸ਼ਾ ਖੁਸ਼ ਨਜ਼ਰ ਆਉਂਦੀ ਹੈ ਅਤੇ ਮੈਨੂੰ ਅਤੇ ਸਮੀਰ ਨੂੰ ਉਹ ਪਰਿਵਾਰ ਮਿਲਿਆ ਜਿਸ ਦਾ ਅਸੀਂ ਹਮੇਸ਼ਾ ਸੁਪਨਾ ਦੇਖਿਆ ਸੀ। ਕੁਝ ਲੋਕਾਂ ਨੂੰ ਜਿੰਦਗੀ ਵਿਚ ਦੂਜਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ।
ਸਾਡੇ ਭਾਰਤੀ ਸਮਾਜ ਵਿੱਚ, ਵਿਆਹ ਦੇ ਜ਼ਹਿਰੀਲੇਪਣ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ ਪਰ ਅਸੰਭਵ ਨਹੀਂ ਹੈ।
ਇਹ ਕਹਾਣੀ ਔਰਤਾਂ ਲਈ ਆਜ਼ਾਦੀ ਨਾਲ ਜਿਉਣ ਦੀ ਪ੍ਰੇਰਨਾ ਹੈ।