ਆਪਣੀ ਹੀ 'ਮੌਤ ਦਾ ਸਰਟੀਫਿਕੇਟ ਗੁਆਚਣ ਤੇ ਅਖਬਾਰ ਚ' ਦਿੱਤਾ ਗਿਆ ਇਸ਼ਤਿਹਾਰ ਜਦੋਂ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ ਤਾਂ ਯੂਜਰ ਬੋਲੇ : ਜੇਕਰ ਮਿਲਿਆ ਤਾਂ ਸਰਟੀਫਿਕੇਟ ਕਿੱਥੇ ਡਿਲੀਵਰ ਕਰਨਾ ਹੈ, ਸਵਰਗ ਜਾਂ ਨਰਕ ਵਿਚ ?
ਦੀਪਕ ਗਰਗ
ਦਿੱਲੀ, 23 ਸਤੰਬਰ 2022
ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਗਿਆ ਹੈ, ਜਿਸ 'ਤੇ ਕੋਈ ਨਹੀਂ ਜਾਣਦਾ ਕਿ ਕਦੋਂ ਕੀ ਵਾਇਰਲ ਹੋ ਜਾਵੇਗਾ। ਸੋਸ਼ਲ ਮੀਡੀਆ 'ਤੇ ਕਈ ਵਾਰ ਅਜਿਹੀਆਂ ਹਾਸੋਹੀਣੀਆਂ ਗੱਲਾਂ ਵਾਇਰਲ ਹੋ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਲੋਕ ਹੱਸਦੇ ਹਨ। ਅਜਿਹਾ ਹੀ ਇਕ ਕੰਟੈਟ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਇਕ ਨਿਊਜ਼ ਪੇਪਰ ਦੀ ਕਟਿੰਗ ਹੈ। ਦਰਅਸਲ, ਵਾਇਰਲ ਨਿਊਜ਼ ਪੇਪਰ ਦੀ ਕਟਿੰਗ ਇੱਕ ਇਸ਼ਤਿਹਾਰ ਹੈ, ਜੋ ਮੌਤ ਦਾ ਸਰਟੀਫਿਕੇਟ ਗੁਆਚਣ ਲਈ ਜਾਰੀ ਕੀਤਾ ਗਿਆ ਹੈ।
ਇਹ ਇਸ਼ਤਿਹਾਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਐਤਵਾਰ ਨੂੰ ਆਈਪੀਐਸ ਅਧਿਕਾਰੀ ਰੂਪਿਨ ਸ਼ਰਮਾ ਨੇ ਟਵਿੱਟਰ 'ਤੇ ਇੱਕ ਪੇਪਰ ਕਟਿੰਗ ਪੋਸਟ ਕੀਤੀ, ਜਿਸ ਵਿੱਚ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਮੌਤ ਦਾ ਸਰਟੀਫਿਕੇਟ ਗੁੰਮ ਹੋ ਗਿਆ ਹੈ ਅਤੇ ਜਿਸ ਨੂੰ ਵੀ ਇਹ ਮਿਲੇ ਉਹ ਮੇਰੇ ਪਤੇ 'ਤੇ ਵਾਪਸ ਕਰ ਦੇਵੇ। ਤੁਹਾਨੂੰ ਦੱਸ ਦੇਈਏ ਕਿ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਵਿਅਕਤੀ ਦਾ ਮੌਤ ਦਾ ਸਰਟੀਫਿਕੇਟ ਉਸ ਦੀ ਮੌਤ ਤੋਂ ਬਾਅਦ ਹੀ ਬਣ ਸਕਦਾ ਹੈ, ਜੋ ਪਰਿਵਾਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਅਜਿਹੇ 'ਚ ਇਹ ਇਸ਼ਤਿਹਾਰ ਲੋਕਾਂ ਨੂੰ ਹੱਸਣ 'ਤੇ ਮਜ਼ਬੂਰ ਕਰ ਰਿਹਾ ਹੈ।
ਇਸ਼ਤਿਹਾਰ ਵਿੱਚ ਕੀ ਕਿਹਾ ਗਿਆ ਹੈ?
ਅਖਬਾਰ ਵਿੱਚ ਛਪੇ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ 07/09/22 ਨੂੰ ਸਵੇਰੇ 10 ਵਜੇ ਦੇ ਕਰੀਬ ਮੇਰਾ ਮੌਤ ਦਾ ਸਰਟੀਫਿਕੇਟ ਲੁਮਡਿੰਗ ਮਾਰਕੀਟ (ਅਸਾਮ ਵਿੱਚ) ਵਿਖੇ ਗੁਆਚ ਗਿਆ ਹੈ। ਮੇਰੀ ਮੌਤ ਦੇ ਸਰਟੀਫਿਕੇਟ ਦਾ ਰਜਿਸਟ੍ਰੇਸ਼ਨ ਨੰਬਰ 93/18 ਹੈ ਅਤੇ ਸੀਰੀਅਲ ਨੰਬਰ 0068132 ਹੈ। ਵਿਅਕਤੀ ਨੇ ਇਸ ਇਸ਼ਤਿਹਾਰ ਵਿੱਚ ਆਪਣੇ ਪਿਤਾ ਦਾ ਨਾਮ ਅਤੇ ਹੋਰ ਜਾਣਕਾਰੀ ਵੀ ਦਿੱਤੀ ਹੈ। ਇਸ਼ਤਿਹਾਰ ਦੇਣ ਵਾਲੇ ਵਿਅਕਤੀ ਦਾ ਨਾਂ ਰਣਜੀਤ ਕੁਮਾਰ ਹੈ ਅਤੇ ਉਹ ਆਸਾਮ ਦਾ ਰਹਿਣ ਵਾਲਾ ਹੈ।
ਵਾਇਰਲ ਫੋਟੋ 'ਤੇ ਲੋਕਾਂ ਦਾ ਪ੍ਰਤੀਕਰਮ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਪੇਪਰ ਕਟਿੰਗ ਨੂੰ ਦੇਖ ਕੇ ਹਰ ਕੋਈ ਹੱਸ ਰਿਹਾ ਹੈ। ਹਰ ਕੋਈ ਹੈਰਾਨ ਹੈ ਕਿ ਮਰਨ ਵਾਲਾ ਵਿਅਕਤੀ ਆਪਣੀ ਮੌਤ ਦਾ ਸਰਟੀਫਿਕੇਟ ਗੁੰਮ ਹੋਣ ਦਾ ਇਸ਼ਤਿਹਾਰ ਕਿਵੇਂ ਦੇ ਸਕਦਾ ਹੈ। ਇਸ 'ਤੇ ਕਈ ਯੂਜ਼ਰਸ ਨੇ ਮਜ਼ਾਕੀਆ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇਸ ਫੋਟੋ ਨੂੰ ਪੋਸਟ ਕਰਨ ਵਾਲੇ ਰੁਪਿਨ ਸ਼ਰਮਾ ਨੇ ਵੀ ਆਪਣੀ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ ਕਿ ਅਜਿਹਾ ਸਿਰਫ ਭਾਰਤ ਵਿੱਚ ਹੀ ਹੋ ਸਕਦਾ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਿਹਾ ਹੈ ਕਿ ਜੇਕਰ ਮਿਲਿਆ ਤਾਂ ਸਰਟੀਫਿਕੇਟ ਕਿੱਥੇ ਡਿਲੀਵਰ ਕਰਨਾ ਹੈ, ਸਵਰਗ ਜਾਂ ਨਰਕ ਵਿਚ!