ਜਦੋਂ ਹਜ਼ਾਰਾਂ ਸਿੱਕਿਆਂ ਵੱਟੇ ਸਕੂਟਰ ਦੀ ਡਲਿਵਰੀ ਲੈਣ ਪੁੱਜਿਆ ਗ੍ਰਾਹਕ
ਰੋਪੜ, 5 ਅਕਤੂਬਰ 2022 - ਸਥਾਨਕ ਸੋਨੀ ਸੁਜੂਕੀ ਏਜੰਸੀ 'ਤੇ ਅੱਜ ਉਦੋਂ ਇੱਕ ਅਜੀਬ ਵਰਤਾਰਾ ਦੇਖਣ ਨੂੰ ਮਿਲਿਆ ਜਦੋਂ ਇੱਕ ਗ੍ਰਾਹਕ ਹਜ਼ਾਰਾਂ ਰੁਪਏ ਦੇ ਸਿੱਕੇ ਲੈ ਕੇ ਏਜੰਸੀ 'ਤੇ ਸਕੂਟਰ ਖਰੀਦਣ ਪੁੱਜਿਆ। ਅਸਲ ਵਿੱਚ ਸੋਨੀ ਸੁਜੂਕੀ ਏਜੰਸੀ 'ਤੇ ਤਿਉਹਾਰਾਂ ਦੇ ਮੱਦੇਨਜ਼ਰ ਸਕੂਟਰ ਮੋਟਰਸਾਈਕਲ 'ਤੇ ਵਿਸ਼ੇਸ਼ ਸਕੀਮਾਂ ਤਹਿਤ ਸੇਲ ਚੱਲ ਰਹੀ ਹੈ ਅਤੇ ਇਸੇ ਤਹਿਤ ਸ਼ਹਿਰ ਦੇ ਇੱਕ ਵਪਾਰੀ ਰਾਘਵ ਅਗਰਵਾਲ ਐਕਸੈੱਸ ਲੈਣ ਲਈ ਏਜੰਸੀ 'ਤੇ ਪੁੱਜੇ ਤੇ ਆਪਣਾ ਮਨਪਸੰਦ ਰੰਗ ਤਿਆਰ ਕਰਵਾਉਣ ਲੱਗੇ ਪਰ ਜਦੋਂ ਉਹ ਸਕੂਟਰ ਦੀ ਰਕਮ ਅਦਾ ਕਰਨ ਲੱਗੇ ਤਾਂ ਅਚਾਨਕ ਸਭ ਹੈਰਾਨ ਹੋ ਗਏ ਕਿਉਂਕਿ ਜਨਾਬ ਆਪਣੇ ਨਾਲ 90 ਹਜ਼ਾਰ ਦੇ ਕਰੀਬ ਸਿੱਕੇ ਲਿਆਏ ਹੋਏ ਸਨ।
ਐਨੇ ਸਿੱਕੇ ਵੇਖ ਕੇ ਏਜੰਸੀ ਦੇ ਕਰਮਚਾਰੀਆਂ ਨੇ ਗ੍ਰਾਹਕ ਨੂੰ ਏਜੰਸੀ ਦੇ ਮਾਲਕ ਪ੍ਰਵੇਸ਼ ਸੋਨੀ ਕੋਲ ਭੇਜ ਦਿੱਤਾ ਜਿਹਨਾਂ ਇਸ ਵਿਸ਼ੇਸ਼ ਗ੍ਰਾਹਕ ਨੂੰ ਨਰਾਜ਼ ਨਾ ਕਰਦੇ ਸਿੱਕਿਆਂ ਰਾਹੀਂ ਸਕੂਟਰ ਦੀ ਰਕਮ ਹਾਸਲ ਕੀਤੀ ਤੇ ਗ੍ਰਾਹਕ ਦਾ ਧੰਨਵਾਦ ਕੀਤਾ। ਗ੍ਰਾਹਕ ਰਾਘਵ ਨੇ ਦੱਸਿਆ ਕਿ ਉਹਨਾਂ ਦਾ ਵਪਾਰ ਹੀ ਕੁੱਝ ਅਜਿਹਾ ਹੈ ਕਿ ਉਹਨਾਂ ਕੋਲ ਜਿਆਦਾ ਮਾਤਰਾ ਚ ਸਿੱਕਿਆਂ ਵਿੱਚ ਹੀ ਲੈਣ ਦੇਣ ਹੁੰਦਾ ਹੈ ਤੇ ਉਹ ਕਈ ਚਿਰ ਤੋਂ ਸੁਜੂਕੀ ਦਾ ਸਕੂਟਰ ਲੈਣ ਦੇ ਚਾਹਵਾਨ ਸਨ ਤੇ ਹੁਣ ਤਿਉਹਾਰਾਂ ਮੌਕੇ ਜਿਊਂ ਹੀ ਉਹਨਾਂ ਨੂੰ ਪਤਾ ਚੱਲਾ ਕਿ ਸੋਨੀ ਸੁਜੂਕੀ ਵਿਖੇ ਨਿਸ਼ਚਿਤ ਉਪਹਾਰ ਤੇ ਵਿਸ਼ੇਸ਼ ਛੂਟ 'ਤੇ ਸਕੂਟਰ ਮਿਲ ਰਿਹਾ ਹੈ ਤਾਂ ਉਹਨਾਂ ਪਹਿਲਾਂ ਤਾਂ ਸਿੱਕਿਆਂ ਨੂੰ ਨੋਟਾਂ 'ਚ ਬਦਲਾਉਣ ਲਈ ਯਤਨ ਕੀਤੇ ਪਰ ਜਦੋਂ ਇੰਨੀ ਵੱਡੀ ਰਕਮ ਵੱਟੇ ਨੋਟ ਪ੍ਰਾਪਤ ਕਰਨ 'ਚ ਕਾਮਯਾਬ ਨਾ ਹੋਏ ਤਾਂ ਸੋਨੀ ਸੁਜੂਕੀ ਦੇ ਮਾਲਕ ਪ੍ਰਵੇਸ਼ ਸੋਨੀ ਨੇ ਸਿੱਕੇ ਕਬੂਲ ਕਰਦਿਆਂ ਉਹਨਾਂ ਨੂੰ ਸਕੂਟਰ ਵੇਚ ਦਿੱਤਾ।
ਪ੍ਰਵੇਸ਼ ਸੋਨੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਏਜੰਸੀ 'ਤੇ ਕੋਈ ਗ੍ਰਾਹਕ ਕੇਵਲ ਸਿੱਕੇ ਲੈ ਕੇ ਹੀ ਸਕੂਟਰ ਲੈਣ ਪੁੱਜਿਆ ਹੋਵੇ। ਉਹਨਾਂ ਕਿਹਾ ਕਿ ਸੋਨੀ ਸੁਜੂਕੀ ਵਿਖੇ ਨਵੀਂ ਤਕਨੀਕ ਆਧਾਰਿਤ ਸਕੂਟਰਾਂ ਦੇ ਨਵੇਂ ਮਾਡਲ ਪੁੱਜੇ ਹਨ ਜਿਸ ਨੂੰ ਲੈ ਕੇ ਗ੍ਰਾਹਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।