ਫਾਸਫੂਡ ਦੀ ਰੇਹੜੀ ਲਾ ਰਹੇ ਪੜ੍ਹੇ-ਲਿਖੇ ਇਨ੍ਹਾਂ ਦੋ ਨੌਜਵਾਨ ਭਰਾਵਾਂ ਦੇ ਨੇ ਦੂਰ-ਦੂਰ ਤੱਕ ਚਰਚੇ
- ਕਿਰਤ ਕਰ ਜਿਉਣ ਦਾ ਦੇ ਰਹੇ ਹਨ ਸੁਨੇਹਾ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 21 ਅਗਸਤ 2023 - ਜਿਥੇ ਅੱਜ ਦੀ ਨੌਜਵਾਨ ਪੀੜੀ ਵਿਦੇਸ਼ਾ ਵੱਲ ਰੁੱਖ ਕਰ ਰਹੀ ਹੈ ਉਥੇ ਹੀ ਪੰਜਾਬ ਦੇ ਬਟਾਲਾ ਦੇ ਸਿੱਖ ਪਰਿਵਾਰ ਤੋਂ ਦੋ ਭਰਾ ਫਾਸਟਫੂਡ ਦੀ ਰੇਹੜੀ ਲਗਾ ਕੇ ਪੰਜਾਬ ਚ ਰਹਿ ਕਿਰਤ ਕਰਕੇ ਪਰਿਵਾਰ ਦਾ ਖਰਚ ਚਲਾ ਰਹੇ ਹਨ।ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਭਾਵੇ ਉਹ ਪੜੇ ਲਿਖੇ ਹਨ ਲੇਕਿਨ ਕਿਰਤ ਕਰਨ ਚ ਕੋਈ ਸ਼ਰਮ ਨਹੀਂ ਹੈ।
ਬਟਾਲਾ ਸ਼ਹਿਰ ਦੇ ਰਹਿਣ ਵਾਲੇ ਦੋ ਭਰਾ ਸਰਬਜੀਤ ਸਿੰਘ ਅਤੇ ਅਮ੍ਰਿਤਪਾਲ ਸਿੰਘ ਨੇ ਫਾਸਟ ਫੂਡ ਦੇ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਕਰਕੇ ਆਪਣੀ ਸਚਾਈ,ਸਾਫ ਸਫਾਈ ਅਤੇ ਮਿਹਨਤ ਦੀ ਬਦੌਲਤ ਵਧੀਆ ਕੰਮ ਖੜਾ ਕਰ ਲਿਆ ਹੈ।ਗੱਲਬਾਤ ਦੌਰਾਨ ਦੋਵਾਂ ਭਰਾਵਾਂ ਦਾ ਕਹਿਣਾ ਸੀ ਕਿ ਅੱਜ ਭਾਵੇ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ ਅਤੇ ਲੱਖਾਂ ਰੁਪਏ ਖਰਚ ਕਰ ਵਿਦੇਸ਼ ਜਾਕੇ ਵੀ ਐਸੇ ਹੀ ਕੰਮ ਕਰਦੇ ਹਨ ਤੇ ਫਿਰ ਆਪਣੀ ਧਰਤੀ ਅਤੇ ਆਪਣੇ ਪਰਿਵਾਰ ਚ ਰਹਿ ਕੇ ਕਿਊ ਨਹੀਂ ਕੀਤਾ ਜਾ ਸਕਦਾ।
ਸਰਬਜੀਤ ਸਿੰਘ ਦੱਸਦੇ ਹਨ ਕਿ ਉਸਨੇ ਪੜਾਈ ਪੂਰੀ ਕੀਤੀ ਤਾ ਉਸਨੂੰ ਖਾਣ ਪੀਣ ਦਾ ਸ਼ੌਕ ਸੀ ਅਤੇ ਉਸਨੇ ਜਲੰਧਰ ਤੋਂ ਫਾਸਟਫੂਡ ਦਾ ਕੰਮ ਸਿਖਿਆ ਅਤੇ ਮੁੜ ਇਥੇ ਫਾਸਟ ਫੂਡ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੋਲੀ ਹੋਲੀ ਕੰਮ ਵੱਧਦਾ ਗਿਆ ਤਾ ਛੋਟੇ ਭਰਾ ਅਮ੍ਰਿਤਪਾਲ ਵੀ ਸਾਥ ਦੇਣ ਲੱਗ ਪਿਆ ਅਤੇ ਹੁਣ ਉਹ ਠੀਕ ਠਾਕ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਕੋਈ ਵੀ ਛੋਟਾ-ਵੱਡਾ ਨਹੀਂ ਹੁੰਦਾ ਇਸ ਲਈ ਜੋ ਵਿਦੇਸ਼ਾ ਵੱਲ ਨੌਜਵਾਨ ਰੁੱਖ ਕਰ ਰਹੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਥੇ ਪੰਜਾਬ ਚ ਹੀ ਰਹਿ ਹਿੰਮਤ ਨਾਲ਼ ਅੱਗੇ ਵੱਧਦੇ ਰਹੋਗੇ ਤਾਂ ਤੁਹਾਡੇ ਖਿਲਾਫ ਗੱਲਾ ਕਰਨ ਵਾਲੇ ਆਪਣੇ ਆਪ ਤੁਹਾਡੀਆਂ ਤਾਰੀਫਾਂ ਕਰਨੀਆਂ ਸ਼ੁਰੂ ਕਰ ਦੇਣਗੇ।