ਪੁਆਧ ਖ਼ੇਤਰ 'ਚ ਅੱਸੂ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ 'ਗੜਬੜੇ' ਨਾਂਅ ਦਾ ਤਿਉਹਾਰ
ਪੁਆਧ ਖ਼ੇਤਰ 'ਚ ਅੱਸੂ ਦੀ ਪੂਰਨਮਾਸ਼ੀ ਨੂੰ 'ਗੜਬੜੇ' ਨਾਂਅ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਇਤਿਹਾਸਕ ਪਿਛੋਕੜ ਬਾਰੇ ਤਾਂ ਤੱਥ ਨਹੀਂ ਮਿਲੇ, ਪਰ ਬੱਚਿਆਂ ਲਈ ਇਹ ਦਿਨ 'ਮੌਜਾਂ' ਵਾਲਾ ਹੁੰਦੈ। ਮਿੱਟੀ ਦੀ ਬਣੀ ਕੁੱਜੀਨੁਮਾ ਠੂਠੀ 'ਚ ਦੀਵਾ ਬਾਲ ਕੇ ਬੱਚੇ ਘਰ-ਘਰ ਇਸ ਤਿਉਹਾਰ ਨਾਲ ਸਬੰਧਤ ਗੀਤ ਗਾਉਂਦੇ ਨੇ, "ਤੇਲੀ ਤੇਲ ਨ੍ਹੀ ਦਿੰਦਾ, ਪਿੰਜਾ ਬੱਤੀ ਨ੍ਹੀ ਦਿੰਦਾ", "ਚੰਨ ਚੰਨਣੀ ਰਾਤ ਦੇ ਫੇਰੇ ਨੱਚੋ ਮੇਰੇ ਗੜਬੜਿਓ"...ਆਦਿ-ਆਦਿ।
ਹਰ ਕੋਈ ਆਪਣੀ ਹੈਸੀਅਤ ਮੁਤਾਬਕ ਪੈਸੇ ਦੇ ਕੇ ਬੱਚਿਆਂ ਦੀ ਖੁਸ਼ੀ 'ਚ ਸ਼ਾਮਿਲ ਹੁੰਦਾ ਹੈ। ਪਰ ਕਈ ਸਿਰਫ਼ ਤੇਲ ਪਾ ਕੇ ਹੀ ਸਾਰ ਦੇਂਦੇ ਨੇ। ਅਸੀਂ ਵੀ ਨਿੱਕੇ ਹੁੰਦੇ ਸਾਰੇ ਪਿੰਡ 'ਚ ਗੜਬੜਾ ਲੈ ਕੇ ਘੁੰਮਦੇ ਹੁੰਦੇ ਸੀ। ਓਸ ਵਖ਼ਤ ਮਿਲਦੀਆਂ ਪੰਜੀਆਂ, ਦੱਸੀਆਂ ਦੀ ਖੁਸ਼ੀ ਅਮਰੀਕੀ ਡਾਲਰਾਂ ਬਰਾਬਰ ਸੀ। ਕਈ ਵਾਰ ਕਿਸੇ ਘਰੋਂ ਟੋਲੇ ਨੂੰ ਰੁਪਈਆ ਦੇ ਦੇਣਾ ਕਿ ਆਪਸ 'ਚ ਦਸ-ਦਸ ਪੈਸੇ ਵੰਡ ਲਿਓ, ਪਰ ਵੰਡਣ ਆਲਾ ਕੰਮ ਕਿਹੜਾ ਸੌਖਾ ਹੁੰਦਾ ਸੀ। ਜੁਆਕਾਂ ਦੀ ਪੰਜੀਆਂ- ਦੱਸੀਆਂ ਨੂੰ ਲੈ ਲੜਾਈ ਹੋ ਜਾਣੀ...ਤੇ ਫਿਰ ਦੌਰ ਸ਼ੁਰੂ ਹੁੰਦਾ ਸੀ ਇਕ ਦੂਜੇ ਦੇ ਗੜਬੜੇ ਭੰਨਣ ਦਾ। ਗੁੱਥਮ-ਗੁੱਥੀ। 'ਬਾਂਦਰ ਕਿੱਲੇ' ਦੀ ਖੇਡ ਵਾਂਗ ਵੱਜਦੀਆਂ ਚੱਪਲਾਂ ਨੇ ਪਿੱਠਾਂ ਚੋਪੜ ਦੇਣੀਆਂ। ਫ਼ਿਰ 'ਕੱਠੇ ਹੋ ਜਾਣਾ। ਇੱਕ-ਦੂਜੇ ਨੂੰ ਚੁੱਪ ਕਰਾਉਣਾ। ਕਿੰਨੇ ਸੋਹਣੇ ਦਿਨ ਸੀ ਓ...ਨਾ ਮੋਬਾਇਲਾਂ ਦੀ ਵੀਡੀਓ ਗੇਮ ਸੀ, ਨਾ ਭਾਂਤ-ਭਾਂਤ ਦੇ ਟੀ.ਵੀ ਚੈੱਨਲ। ਹੈ ਸੀ ਤਾਂ ਬਸ ਮੌਜਾਂ ਹੀ ਮੌਜਾਂ...