ਪੰਚਕੂਲਾ 'ਚ ਸ਼ੁਰੂ ਹੋਇਆ ਮੈਗਾ ਡੌਗ ਸ਼ੋਅ: ਸਰਵੋਤਮ ਰੋਟਵੀਲਰ ਅਤੇ ਲੈਬਰਾਡੋਰ ਡੌਗ ਨੇ ਜਿੱਤੇ ਖਿਤਾਬ
ਪੰਚਕੂਲਾ, 18 ਨਵੰਬਰ, 2023: ਰਾਇਲ ਕੈਨਲ ਕਲੱਬ ਪੰਚਕੂਲਾ ਵੱਲੋਂ ਪੇਟ ਐਨੀਮਲ ਹੈਲਥ ਸੋਸਾਇਟੀ, ਸੈਕਟਰ 3 ਅਤੇ ਪਸ਼ੂ ਪਾਲਣ ਵਿਭਾਗ, ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤੀਜਾ ਤੇ ਚੌਥਾ ਚੈਂਪੀਅਨਸ਼ਿਪ ਡੌਗ ਸ਼ੋਅ ਅੱਜ ਸੈਕਟਰ 3 ਪੰਚਕੂਲਾ ਦੇ ਹਾਲੀਡੇ ਇਨ ਹੋਟਲ ਦੇ ਸਾਹਮਣੇ ਸਥਿਤ ਸ਼ੋਅ ਗਰਾਊਂਡ ਵਿੱਚ ਸ਼ੁਰੂ ਹੋਇਆ।
ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਰਾਇਲ ਕੈਨਲ ਕਲੱਬ ਦੇ ਜਨਰਲ ਸਕੱਤਰ ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਦੋ ਰੋਜ਼ਾ ਮੈਗਾ ਡੌਗ ਸ਼ੋਅ ਦੇ ਪਹਿਲੇ ਦਿਨ ਦਾ ਮੁੱਖ ਆਕਰਸ਼ਣ ਰੋਟਵੀਲਰ ਤੇ ਲੈਬਰਾਡੋਰ ਨਸਲ ਦੇ ਕੁੱਤਿਆਂ ਦੀ ਪ੍ਰਦਰਸ਼ਨੀ ਸੀ। ਸ਼ੋਅ ਵਿੱਚ ਦੇਸ਼ ਭਰ ਦੇ ਰੋਟਵੀਲਰਜ਼ ਤੇ ਲੈਬਰਾਡੋਰ ਕੁੱਤਿਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਇੱਕ ਦੂਜੇ ਦੇ ਵਿਰੁੱਧ ਮੁਕਾਬਲਾ ਕੀਤਾ। ਇਹ ਸ਼ੋਅ ਕੱਲ੍ਹ ਐਤਵਾਰ ਨੂੰ ਵੀ ਜਾਰੀ ਰਹੇਗਾ ਅਤੇ ਡੌਗ ਪ੍ਰੇਮੀਆਂ ਲਈ 250 ਤੋਂ ਵੱਧ ਡੌਗ ਅਤੇ 50 ਤੋਂ ਵੱਧ ਨਸਲਾਂ ਪ੍ਰਦਰਸ਼ਿਤ ਹੋਣਗੀਆਂ।
ਅੱਜ ਦੇ ਸ਼ੋਅ ਲਈ ਅੰਤਰਰਾਸ਼ਟਰੀ ਜਿਊਰੀ ਵਿੱਚ ਮਲੇਸ਼ੀਆ ਦੇ ਰੋਟਵੀਲਰ ਕਲੱਬ ਦੇ ਪ੍ਰਧਾਨ ਸ਼੍ਰੀ ਮਾਧਵਨ, ਸਰਬੀਆ ਤੋਂ ਲੈਬਰਾਡੋਰ ਰੀਟ੍ਰੀਵਰ ਸਪੈਸ਼ਲਿਸਟ ਜੱਜ ਸ਼੍ਰੀ ਅਲੈਕਜ਼ੈਂਡਰ ਕ੍ਰਿਸਟਿਕ ਅਤੇ ਕੋਰੀਆ ਦੇ ਰੋਟਵੀਲਰ ਸਪੈਸ਼ਲਿਸਟ ਜੱਜ ਸ਼੍ਰੀ ਪਾਰਕ ਹਰਨਚਿਓਲ ਸ਼ਾਮਲ ਸਨ, ਜਿਨ੍ਹਾਂ ਵੱਲੋਂ ਸਰਵੋਤਮ ਡੌਗ ਦਾ ਖਿਤਾਬ ਦਿੱਤਾ ਗਿਆ।
ਡੌਗ ਸ਼ੋਅ ਦੇ ਸਮਾਪਤੀ ਦਿਨ ਭਲਕੇ ਐਤਵਾਰ ਨੂੰ ਵੱਖ-ਵੱਖ ਵਰਗਾਂ ਵਿੱਚ ਇਨਾਮ ਵੰਡ ਸਮਾਰੋਹ ਹੋਵੇਗਾ। ਉਨ੍ਹਾਂ ਦੱਸਿਆ ਕਿ ਰੋਟਵੇਲਰ ਅਤੇ ਲੈਬਰਾਡੋਰ ਕੁੱਤਿਆਂ ਦੇ ਵਿਸ਼ੇਸ਼ ਮੁਕਾਬਲੇ ਵਿੱਚ ਹਰਿਆਣਾ, ਪੰਜਾਬ, ਦਿੱਲੀ, ਮੁੰਬਈ, ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਟ੍ਰਾਈਸਿਟੀ ਸਮੇਤ ਦੁਨੀਆ ਭਰ ਤੋਂ ਆਏ ਇਨ੍ਹਾਂ ਡੌਗ ਮਾਲਕਾਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ।
ਇਸੇ ਤਰਜ਼ 'ਤੇ ਮੀਤ ਪ੍ਰਧਾਨ ਸਰਵਪ੍ਰੀਤ ਚੱਢਾ ਨੇ ਦੱਸਿਆ ਕਿ ਕੱਲ ਦਾ ਪ੍ਰੋਗਰਾਮ ਡੌਗ ਪ੍ਰੇਮੀਆਂ ਲਈ ਤੋਹਫ਼ਾ ਹੋਣ ਵਾਲਾ ਹੈ, ਕਿਉਂਕਿ ਇਸ ਸ਼ੋਅ ਵਿੱਚ ਲੱਖਾਂ ਰੁਪਏ ਦੀ ਕੀਮਤ ਦੇ ਡੌਗ ਸਮੇਤ ਵੱਖ-ਵੱਖ ਨਸਲਾਂ ਦੇ ਡੌਗ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸ਼ੋਅ ਵਿੱਚ ਬਹੁਤ ਸਾਰੇ ਵੀਆਈਪੀ ਮਹਿਮਾਨਾਂ ਅਤੇ ਨੌਕਰਸ਼ਾਹਾਂ ਦੇ ਆਉਣ ਦੀ ਉਮੀਦ ਹੈ।