ਦੋ ਰੋਜ਼ਾ ਮੈਗਾ ਡੌਗ ਸ਼ੋਅ ਸਫਲਤਾਪੂਰਵਕ ਸਮਾਪਤ
ਪੰਚਕੂਲਾ, 19 ਨਵੰਬਰ, 2023: ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤੀਜਾ ਤੇ ਚੌਥਾ ਚੈਂਪੀਅਨਸ਼ਿਪ ਡੌਗ ਸ਼ੋਅ ਅੱਜ ਇੱਥੇ ਸ਼ੋਅ ਗਰਾਊਂਡ, ਸੈਕਟਰ 3, ਪੰਚਕੂਲਾ ਵਿਖੇ ਸਮਾਪਤ ਹੋ ਗਿਆ। ਰਾਇਲ ਕੈਨਲ ਕਲੱਬ ਪੰਚਕੂਲਾ ਵੱਲੋਂ ਪੈਟ ਐਨੀਮਲ ਹੈਲਥ ਸੋਸਾਇਟੀ, ਸੈਕਟਰ 3 ਅਤੇ ਹਰਿਆਣਾ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਮੈਗਾ ਡੌਗ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ।
ਡੌਗ ਸ਼ੋਅ ਦੇ ਸਮਾਪਤੀ ਵਾਲੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਬਰਤਾਨੀਆ ਦੀ ਡਿਪਟੀ ਹਾਈ ਕਮਿਸ਼ਨਰ ਸ੍ਰੀਮਤੀ ਕੈਰੋਲਿਨ ਰੋਵੇਟ ਸ਼ਾਮਿਲ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕੈਨਲ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਚਕੂਲਾ ਵਿੱਚ ਸ਼ੋਅ ਦਾ ਹਿੱਸਾ ਬਣ ਕੇ ਉਹ ਸੱਚਮੁੱਚ ਖੁਸ਼ ਹਨ। ਉਨ੍ਹਾਂ ਕਿਹਾ ਕਿ ਪਿਆਰੇ ਦੋਸਤ ਹਮੇਸ਼ਾ ਹੀ ਇਨਸਾਨ ਦੇ ਨੇੜੇ ਰਹੇ ਹਨ ਅਤੇ ਅਜਿਹੀਆਂ ਘਟਨਾਵਾਂ ਸਾਨੂੰ ਉਨ੍ਹਾਂ ਦੇ ਹੋਰ ਨੇੜੇ ਲੈ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸਦਭਾਵਨਾ ਭਰੇ ਸਹਿ-ਹੋਂਦ ਲਈ ਡੌਗ ਦੀਆਂ ਵੱਖ-ਵੱਖ ਨਸਲਾਂ ਬਾਰੇ ਜਾਗਰੂਕਤਾ ਜ਼ਰੂਰੀ ਹੈ।
ਰਾਇਲ ਕੈਨਲ ਕਲੱਬ ਦੇ ਜਨਰਲ ਸਕੱਤਰ ਸਿਕੰਦਰ ਸਿੰਘ ਨੇ ਕਿਹਾ ਕਿ ਸ਼ੋਅ ਨੂੰ ਟ੍ਰਾਈਸਿਟੀ ਭਰ ਦੇ ਡੌਗ ਦੇ ਪ੍ਰੇਮੀਆਂ ਤੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਕਿ ਰੋਟਵੀਲਰ ਅਤੇ ਲੈਬਰਾਡੋਰ ਡੌਗ ਵਰਗ ਦੇ ਮੁਕਾਬਲੇ ਵਿੱਚ ਇਸ ਸਾਲ ਦੇਸ਼ ਦੇ ਦੂਰ-ਦੁਰਾਡੇ ਦੇ ਸਥਾਨਾਂ ਤੋਂ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ। ਦੂਜੇ ਦਿਨ 50 ਤੋਂ ਵੱਧ ਨਸਲਾਂ ਦੇ ਡੌਗ ਨੂੰ ਪ੍ਰਦਰਸ਼ਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਇਹ ਸ਼ੋਅ ਅਗਲੇ ਐਡੀਸ਼ਨ ਵਿੱਚ ਵਧੇਰੇ ਦਰਸ਼ਕਾਂ ਅਤੇ ਪਸ਼ੂ ਪ੍ਰੇਮੀਆਂ ਨੂੰ ਆਕਰਸ਼ਿਤ ਕਰੇਗਾ।
ਪੰਚਕੂਲਾ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਸਫਲ ਐਡੀਸ਼ਨ ਸੀ। ਦੂਰੋਂ-ਦੂਰੋਂ ਆਏ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਨਾਲ ਦਰਸ਼ਕਾਂ ਦੀ ਭੀੜ ਸੱਚਮੁੱਚ ਪ੍ਰਭਾਵਸ਼ਾਲੀ ਸੀ। ਸ਼ੋਅ ਦਾ ਸਭ ਤੋਂ ਵਧੀਆ ਹਿੱਸਾ ਡੌਗ ਦੀਆਂ ਕੁਝ ਵੱਡੀਆਂ ਨਸਲਾਂ ਬਾਰੇ ਜਾਗਰੂਕਤਾ ਅਤੇ ਸਿਖਲਾਈ ਸੀ।
ਇਸ ਮੌਕੇ ਮੀਤ ਪ੍ਰਧਾਨ ਸਰਵਪ੍ਰੀਤ ਚੱਢਾ ਨੇ ਦੱਸਿਆ ਕਿ ਡੌਗ ਸ਼ੋਅ ਦਾ ਇਹ ਐਡੀਸ਼ਨ ਪਹਿਲਾਂ ਨਾਲੋਂ ਵੱਖਰਾ ਹੈ। ਇਹ ਇੱਕ ਚੈਂਪੀਅਨਸ਼ਿਪ ਸ਼ੋਅ ਸੀ ਅਤੇ ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲੋਕ ਆਪਣੇ ਪਾਲਤੂ ਜਾਨਵਰਾਂ ਬਾਰੇ ਵਧੇਰੇ ਜਾਗਰੂਕ ਤੇ ਚਿੰਤਤ ਹੋ ਗਏ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲਈ ਇਹ ਪਰਿਵਾਰ ਦਾ ਹਿੱਸਾ ਹੈ ਅਤੇ ਅਜਿਹੇ ਸ਼ੋਅ ਨਸਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਢੁਕਵਾਂ ਪਲੇਟਫਾਰਮ ਸਾਬਤ ਹੁੰਦੇ ਹਨ ਅਤੇ ਸ਼ੁੱਧ ਵੰਸ਼ ਦੀ ਸੰਭਾਲ ਲਈ ਮਹੱਤਵਪੂਰਨ ਹੁੰਦੇ ਹਨ।
ਹਰਿਆਣਾ ਪਸ਼ੂ ਪਾਲਣ ਵਿਭਾਗ ਨੂੰ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਇਕ ਐਮਓਯੂ ਸਾਈਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਕਲੱਬ ਅਗਲੇ ਪੰਜ ਸਾਲਾਂ ਤੱਕ ਅਜਿਹੇ ਡੌਗ ਸ਼ੋਅ ਦਾ ਆਯੋਜਨ ਕਰਨਾ ਜਾਰੀ ਰੱਖੇਗਾ।
ਸ਼ੋਅ ਦੇ ਫਾਈਨਲ ਵਿੱਚ ਮੌਜੂਦ ਡੌਗ ਦੀਆਂ ਕੁਝ ਨਸਲਾਂ ਵਿੱਚ ਪੋਮੇਰੇਨੀਅਨ, ਪੁਗ, ਮਾਲਟੀਜ਼, ਚਿਹੁਆਹੁਆ, ਫ੍ਰੈਂਚ ਬੁੱਲਡੌਗ, ਲਹਾਸਾ, ਟੋਏ ਪੂਡਲ, ਅਪਸੋ, ਪੇਕਿੰਗਜ਼, ਮਾਸਟਿਫ, ਰੋਟਵੀਲਰ, ਗੱਦੀ, ਸੇਂਟ ਬਰਨਾਰਡ, ਡੋਗੋ ਅਰਜਨਟੀਨੋ, ਲੈਬਰਾਡੋਰ, ਜਰਮਨ ਸ਼ੈਫਰਡ, ਹਸਕੀ, ਚਾਉ, ਅਕੀਤਾ ਇਨੂ, ਬ੍ਰਿਟਿਸ਼ ਬੁੱਲਡੌਗ, ਸ਼ਿਹ ਜ਼ੂ, ਸਟੈਂਡਰਡ ਪੂਡਲ ਆਦਿ ਸ਼ਾਮਲ ਸਨ।
ਮੈਗਾ ਡੌਗ ਸ਼ੋਅ ਦੀ ਸਮਾਪਤੀ 'ਤੇ ਇਨਾਮ ਵੰਡ ਸਮਾਰੋਹ ਦੌਰਾਨ ਆਈਏਐਸ ਅੰਕੁਰ ਗੁਪਤਾ, ਵਧੀਕ ਮੁੱਖ ਸਕੱਤਰ, ਹਰਿਆਣਾ ਸਰਕਾਰ, ਪਸ਼ੂ ਪਾਲਣ ਤੇ ਡੇਅਰੀ ਵਿਭਾਗ, ਹਰਿਆਣਾ ਪਸ਼ੂ ਪਾਲਣ ਅਤੇ ਡਾ. ਬੀਰੇਂਦਰ ਸਿੰਘ ਲੌਰਾ, ਡਾਇਰੈਕਟਰ ਜਨਰਲ, ਹਰਿਆਣਾ ਪਸ਼ੂ ਪਾਲਣ ਵੀ ਮੌਜੂਦ ਸਨ।