ਅਸ਼ੋਕ ਵਰਮਾ
ਬਠਿੰਡਾ,13ਜਨਵਰੀ2021:ਅੱਜ ਬਠਿੰਡਾ ਦੇ ਬੇਅੰਤ ਨਗਰ ਦੇ ਸਰਕਾਰੀ ਹਸਪਤਾਲ ’ਚ ਸਮੂਹ ਸਟਾਫ ਨੇ ਧੀਆਂ ਦੀ ਲੋਹੜੀ ਮਨਾਈ। ਸਮਾਗਮ ’ਚ ਡਾਕਟਰ ਹੁਸਨ ਸਰਦਾਰ ਸਿੰਘ,ਸ਼੍ਰੀਮਤੀ ਮਲਕੀਤ ਕੌਰ ਅਤੇ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੀ ਆਗੂ ਹਰਜਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ। ਇਸ ਮੌਕੇ ਬੱਚੀਆਂ ਨੂੰ ਲੋਹੜੀ ਨਾਲ ਸਬੰਧਤ ਸਮਾਨ ਵੀ ਵੰਡਿਆ ਗਿਆ। ਸਟਾਫ ਨੇ ਬੱਚੀਆਂ ਦੀ ਤੰਦਰੁਸਤੀ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਵੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਵਿੱਚ ਹੁਣ ਕਾਫੀ ਜਾਗਿ੍ਰਤੀ ਆ ਚੁੱਕੀ ਹੈ ਅਤੇ ਵਿਗਿਆਨਕ ਯੁੱਗ ਦੇ ਪ੍ਰਭਾਵ ਕਾਰਨ ਲੋਕ ਲੜਕੀਆਂ ਦੀ ਮਹੱਤਤਾ ਸਮਝਣ ਲੱਗ ਪਏ ਹਨ।
ਉਹਨਾਂ ਆਖਿਆ ਕਿ ਅੱਜ ਧੀਆਂ ਕਿਸੇ ਵੀ ਪੱਖੋਂ ਪੁੱਤਾਂ ਨਾਲੋਂ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਵੱਡੇ ਪੱਧਰ ‘ਤੇ ਸ਼ੁਰੂ ਹੋਇਆ ਰੁਝਾਨ ਮਾਦਾ ਭਰੂਣ ਹੱਤਿਆ ਖ਼ਿਲਾਫ਼ ਸ਼ੁਭ ਸੰਕੇਤ ਹੈ। ਉਹਨਾਂ ਕਿਹਾ ਕਿ ਜੇਕਰ ਭਰੂਣ ਹੱਤਿਆ ਖ਼ਿਲਾਫ਼ ਆਵਾਜ਼ ਬੁਲੰੰਦ ਕਰਕੇ ਇਸ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਪੰਜਾਬ ਦੇ ਲੱਖਾਂ ਮੁੰਡੇ ਕੁਆਰੇ ਰਹਿ ਜਾਣਗੇ। ਉਹਨਾਂ ਕਿਹਾ ਕਿ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਕਾਤਲ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਦੇਣ ਦਾ ਕਾਨੂੰਨ ਬਣਾਏ ਜਾਣ ਲਈ ਸਰਕਾਰ ‘ਤੇ ਦਬਾਅ ਪਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਸੁਨੇਹਾ ਦਿੱਤਾ ਗਿਆ ਕਿ ਮਨੁੱਖ ਨੂੰ ਆਪਸੀ ਪਿਆਰ, ਸਹਿਣਸ਼ੀਲਤਾ ਤੇ ਨਿਮਰਤਾ ਜਿਹੇ ਸਦਗੁਣਾਂ ਨਾਲ ਲੈਸ ਹੋਕੇ ਧੀਆਂ ਦੇ ਸਤਿਕਾਰ ਲਈ ਅੱਗੇ ਆਉਣਾ ਚਾਹੀਦਾ ਹੈ। ਬੁਲਾਰਿਆਂ ਨੇ ਜਿਥੇ ਲੋਹੜੀ ਦੇ ਤਿਉਹਰ ਉੱਤੇ ਰੋਸ਼ਨੀ ਪਾਈ ਉਥੇ ਹੀ ਕੰਨਿਆ ਭਰੂਣ ਹੱਤਿਆ ਤੇ ਦਾਜ ਵਰਗੀ ਸਮਾਜਿਕ ਬੁਰਾਈ ਨੂੰ ਸਮਾਪਤ ਕਰਨ ਦੀ ਲੋੜ ਤੇ ਜੋਰ ਦਿੱਤਾ।