ਕੋਰੋਨਾ : ਅਮਰੀਕਾ ਨੇ ਜਨਵਰੀ ਮਹੀਨੇ ਵਿੱਚ 90,000 ਤੋਂ ਵੱਧ ਮੌਤਾਂ ਕੀਤੀਆਂ ਦਰਜ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 31 ਜਨਵਰੀ 2021
ਪਿਛਲੇ ਸਾਲ ਦੇ ਤਕਰੀਬਨ ਸ਼ੁਰੂ ਤੋਂ ਲੈ ਕੇ ਹੀ ਅਮਰੀਕਾ ਕੋਰੋਨਾ ਵਾਇਰਸ ਦਾ ਪ੍ਰਕੋਪ ਝੱਲ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨੇ ਲੱਖਾਂ ਹੀ ਅਮਰੀਕਾ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਨਵੇਂ ਸਾਲ ਦੇ ਪਹਿਲੇ ਮਹੀਨੇ ਵੀ ਦੇਸ਼ ਵਿੱਚ ਮੌਤਾਂ ਦੀ ਗਿਣਤੀ ਘੱਟ ਨਹੀ ਹੋਈ ਹੈ, ਸਗੋਂ ਜਨਵਰੀ ਮਹੀਨੇ ਵਿੱਚ ਰਿਕਾਰਡ ਪੱਧਰ 'ਤੇ ਕੋਰੋਨਾ ਮੌਤਾਂ ਹੋਈਆਂ ਹਨ। ਜੌਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਦੇ ਰੀਅਲ ਟਾਈਮ ਅੰਕੜਿਆਂ ਅਨੁਸਾਰ, ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਦੁਨੀਆ ਭਰ ਵਿੱਚ 101.9 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕਰਨ ਦੇ ਨਾਲ 2.1 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ।ਜਦਕਿ ਵਾਇਰਸ ਸੰਬੰਧੀ ਮੌਤਾਂ ਦੇ ਮਾਮਲੇ ਵਿੱਚ ਸੰਯੁਕਤ ਰਾਜ ਅਮਰੀਕਾ 'ਚ ਇਕੱਲੇ ਜਨਵਰੀ ਮਹੀਨੇ ਦੌਰਾਨ 90,000 ਤੋਂ ਵੱਧ ਕੋਵਿਡ -19 ਮੌਤਾਂ ਦਰਜ਼ ਹੋਈਆਂ ਹਨ।ਦੇਸ਼ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਜਨਵਰੀ ਦਾ ਮਹੀਨਾ ਲੱਗਭਗ 90,844 ਕੋਰੋਨਾ ਮੌਤਾਂ ਦੇ ਨਾਲ ਇੱਕ ਦਰਦਨਾਕ ਮਹੀਨਾ ਰਿਹਾ ਹੈ। ਇਸ ਮਹੀਨੇ ਦੀਆਂ ਮੌਤਾਂ ਦੇ ਨਾਲ ਸੰਯੁਕਤ ਰਾਜ ਵਿੱਚ ਕੋਰੋਨਾ ਵਾਇਰਸ ਦੀ ਮੌਤਾਂ ਦੀ ਕੁੱਲ ਗਿਣਤੀ ਤਕਰੀਬਨ 436,810 ਤੱਕ ਪਹੁੰਚ ਗਈ ਹੈ ,ਅਤੇ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਨੇ 20 ਫਰਵਰੀ ਤੱਕ 77,000 ਤੋਂ ਵੱਧ ਮੌਤਾਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਹਾਲਾਂਕਿ ਦੇਸ਼ ਦੇ ਕੁੱਝ ਖੇਤਰਾਂ ਵਿੱਚ ਰੋਜ਼ਾਨਾ ਕੇਸਾਂ ਅਤੇ ਹਸਪਤਾਲ ਦਾਖਲਾ ਘੱਟ ਹੋ ਰਿਹਾ ਹੈ, ਨਵੇਂ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਬਾਰੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ।