ਮਨਿੰਦਰਜੀਤ ਸਿੱਧੂ
ਜੈਤੋ, 17 ਫਰਵਰੀ , 2021 - ਜੈਤੋ ਦੇ ਸਭ ਤੋਂ ਵੱਕਾਰੀ ਗਿਣੇ ਜਾਂਦੇ ਵਾਰਡ ਨੰਬਰ 10 ਤੋਂ ਅਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੇ ਪ੍ਰਸਿੱਧ ਉਦਯੋਗਪਤੀ ਜਤਿੰਦਰ ਕੁਮਾਰ ਉਰਫ ਜੀਤੂ ਬਾਂਸਲ ਜੇਤੂ ਰਹੇ, ਅਜਾਦ ਉਮੀਦਵਾਰ ਦਿਲਬਾਗ ਸ਼ਰਮਾ ਉਰਫ ਬਾਗੀ ਦੂਜੇ ਸਥਾਨ ਉੱਪਰ ਅਤੇ ਕਾਂਗਰਸ ਦੇ ਵੱਡੇ ਲੀਡਰ ਅਤੇ ਪ੍ਰਧਾਨਗੀ ਦੇ ਦਾਅਵੇਦਾਰ ਦੇ ਤੌਰ ‘ਤੇ ਐੱਮ.ਸੀ ਦੀ ਚੋਣ ਲੜ ਰਹੇ ਸੱਤਪਾਲ ਡੋਡ ਤੀਜੇ ਨੰਬਰ ਤੇ ਰਹੇ। ਜੀਤੂ ਬਾਂਸਲ ਨੇ 456 ਵੋਟਾਂ, ਦਿਲਬਾਗ ਸ਼ਰਮਾ ਬਾਗੀ ਨੇ 329 ਅਤੇ ਸੱਤਪਾਲ ਡੋਡ ਨੇ 320 ਵੋਟਾਂ ਪ੍ਰਾਪਤ ਕੀਤੀਆਂ।
ਜਿਕਰਯੋਗ ਹੈ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਦੇ ਕਰੀਬੀ ਰਿਸ਼ਤੇਦਾਰ ਜੀਤੂ ਬਾਂਸਲ ਨੇ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਅਸਤੀਫਾ ਦੇ ਕੇ ਅਜਾਦ ਤੌਰ ਤੇ ਚੋਣ ਲੜਨ ਦਾ ਫੈਸਲਾ ਲਿਆ ਸੀ।ਪਿਛਲੇ ਲੰਮੇ ਸਮੇਂ ਤੋਂ ਧਰਤੀ ਨਾਲ ਜੁੜ ਕੇ ਲੋਕਾਂ ਦੇ ਕੰਮ ਕਰਨ ਵਾਲੇ ਜੀਤੂ ਬਾਂਸਲ ਦੇ ਹੱਕ ਵਿੱਚ ਵਾਰਡ ਵਾਸੀਆਂ ਨੇ ਵੱਡਾ ਫਤਵਾ ਦੇ ਉਸ ਨੂੰ ਨਗਰ ਕੌਂਸਲ ਵਿੱਚ ਬਤੌਰ ਐੱਮ.ਸੀ ਭੇਜ ਕੇ ਉਸਦੀ ਮਿਹਨਤ ਦਾ ਮੁੱਲ ਮੋੜਿਆ ਹੈ।ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੂੰ ਅਜਾਦ ਤੌਰ ਤੇ ਹਰਾ ਜੀਤੂ ਬਾਂਸਲ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ।ਜਿੱਤਣ ਉਪਰੰਤ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਜੀਤੂ ਬਾਂਸਲ ਨੇ ਕਿਹਾ ਕਿ ਮੈਂ ਸਾਰੇ ਵਾਰਡ ਵਾਸੀਆਂ ਦਾ ਬਹੁਤ ਤਹਿ ਦਿਲੋਂ ਰਿਣੀ ਹਾਂ ਅਤੇ ਹੁਣ ਮੁੱੱਖ ਕੇਂਦਰ ਵਾਰਡ ਦਾ ਵਿਕਾਸ ਕਰਨਾ ਹੈ।