ਲੁਧਿਆਣਾ, 23 ਫਰਵਰੀ 2021 - ਪੀਐੱਸਪੀਸੀਐਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਇਕ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆਂ ਸੀਨੀਅਰ ਐਕਸੀਅਨ ਇਨਫੋਰਸਮੈਂਟ 3 ਜਲੰਧਰ ਦੀ ਅਗਵਾਈ ਹੇਠ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਸਥਿਤ ਮਹਾਂਵੀਰ ਜੈਨ ਕਾਲੋਨੀ ਚ ਇਕ ਉਦਯੋਗਿਕ ਖਪਤਕਾਰ ਵੱਲੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਬਿਜਲੀ ਦੀ ਚੋਰੀ ਫੜੀ ਹੈ।
ਖਪਤਕਾਰ ਨੇ 20 ਮੀਟਰ ਦੀ ਬਿਜਲੀ ਦੀ ਤਾਰ ਰਾਹੀਂ ਡਿਸਟ੍ਰੀਬਿਯੂਸ਼ਨ ਟਰਾਂਸਫਾਰਮਰ ਨਾਲ ਸਿੱਧੇ ਤੌਰ ਤੇ 45 ਕੇ.ਵੀ ਦਾ ਹੈਵੀ ਲੋਡ ਲਿਆ ਹੋਇਆ ਸੀ। ਕੱਪੜੇ ਬਣਾਉਣ ਦਾ ਯੂਨਿਟ ਚਲਾਉਣ ਵਾਲੇ ਉਕਤ ਖਪਤਕਾਰ ਨੂੰ ਬਿਜਲੀ ਚੋਰੀ ਲਈ 27 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਖਪਤਕਾਰ ਖ਼ਿਲਾਫ਼ ਇੰਡੀਅਨ ਇਲੈਕਟ੍ਰੀਸਿਟੀ ਐਕਟ 2003 ਦੀ ਧਾਰਾ 135 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੀਐੱਸਪੀਸੀਐਲ ਦੇ ਸੀਈ/ਇਨਫੋਰਸਮੈਂਟ ਜਸਬੀਰ ਸਿੰਘ ਨੇ ਦੱਸਿਆ ਕਿ ਬਿਜਲੀ ਚੋਰੀ ਵਿੱਚ ਪੀਐਸਪੀਸੀਐਲ ਦੇ ਲੋਕਲ ਸਟਾਫ ਦੀ ਸ਼ਮੂਲੀਅਤ ਜਾਂਚੀ ਜਾ ਰਹੀ ਹੈ। ਜੇਕਰ ਕੋਈ ਵੀ ਅਧਿਕਾਰੀ ਇਸ ਵਿੱਚ ਸ਼ਾਮਿਲ ਪੈ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਪੀਐਸਪੀਸੀਐਲ ਦੇ ਸੀਐਮਡੀ ਏ ਵੇਨੂੰ ਪ੍ਰਸ਼ਾਦ, ਆਈਏਐੱਸ ਨੇ ਇਨਫੋਰਸਮੈਂਟ ਵਿੰਗ ਨੂੰ ਪਹਿਲਾਂ ਹੀ ਬਿਜਲੀ ਚੋਰੀ ਅਤੇ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਅਪਣਾਉਣ ਸਬੰਧੀ ਨਿਰਦੇਸ਼ ਦਿੱਤੇ ਹੋਏ ਹਨ।