ਕੈਪਟਨ ਸਰਕਾਰ ਦਾ ਆਖਰੀ ਬਜਟ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਉਮੀਦ
ਚੰਡੀਗੜ੍ਹ,28 ਫਰਵਰੀ,2021: ਪੰਜਾਬ ਸਰਕਾਰ ਦਾ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ। ਇਹ ਕੈਪਟਨ ਸਰਕਾਰ ਦਾ ਆਖਰੀ ਬਜਟ ਸੈਸ਼ਨ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ 5 ਮਾਰਚ ਨੂੰ ਬਜਟ ਪੇਸ਼ ਕਰਨਗੇ। ਕੈਪਟਨ ਸਰਕਾਰ ਆਪਣੇ ਬਜਟ ਸੈਸ਼ਨ ਵਿਚ ਲੋਕਾਂ ਨੂੰ ਰਾਹਤ ਦੇਣ ਦਾ ਪੂਰਾ ਯਤਨ ਕਰੇਗੀ। ਇਹ ਬਜਟ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਪੂਰੀ ਉਮੀਦ ਹੈ। ਕਿਸਾਨ ਅੰਦੋਲਨ ਕਾਰਨ ਵਿਰੋਧੀ ਕੈਪਟਨ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਘੇਰ ਸਕਦੇ ਨੇ। ਇਸ ਦੇ ਨਾਲ ਹੀ ਸੈਸ਼ਨ ਦਾ ਪਹਿਲਾ ਦਿਨ ਵਿਧਾਨ ਸਭਾ ਦੇ ਬਾਹਰ ਗਹਿਮਾ ਗਹਿਮੀ ਭਰਪੂਰ ਰਹਿਣ ਵਾਲਾ। ਕਾਂਗਰਸ ਪੰਜਾਬ ਦੇ ਗਵਰਨਰ ਦਾ ਘਿਰਾਓ ਕਰੇਗੀ। ਕਾਂਗਰਸ ਵੱਧ ਰਹੀ ਮਹਿੰਗਾਈ ਦੇ ਮੁੱਦੇ 'ਤੇ ਰਾਜਭਵਨ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕੀ ਬੈਠੀ ਹੈ।
ਦੂਜੇ ਪਾਸੇ ਅਕਾਲੀ ਦਲ ਕਾਂਗਰਸ ਨੂੰ ਘੇਰਨ ਦੀ ਰਣਨੀਤੀ ਤਿਆਰ ਕਰੀ ਬੈਠੀ ਹੈ। ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਨੇ 1 ਮਾਰਚ ਨੂੰ ਵਿਧਾਨ ਸਭਾ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ। ਉਧਰੋਂ ਆਮ ਆਦਮੀ ਵੀ ਕੈਪਟਨ ਸਰਕਾਰ ਨੂੰ ਘੇਰਨ ਲਈ ਤਿਆਰ ਹੈ। ਆਮ ਆਦਮੀ ਪਾਰਟੀ ਕੈਪਟਨ ਸਰਕਾਰ ਵੱਲੋਂ ਵਾਅਦੇ ਪੂਰੇ ਨਾ ਕਰ ਸਕਣ ਕਾਰਨ ਚੰਡੀਗੜ੍ਹ ਵਿਚ ਸਾਈਕਲ ਰੈਲੀ ਕੱਢੇਗੀ। ਕੁੱਲ ਮਿਲਾ ਕੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰੀ ਤਰ੍ਹਾਂ ਕੈਪਟਨ ਸਰਕਾਰ ਦਾ ਬਜਟ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ।