ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ/ਲੰਬੀ, 6 ਮਾਰਚ 2021-ਅੱਜ ਸਵੇਰੇ ਲੰਬੀ ਥਾਣੇ ਦੇ ਪਿੰਡ ਬਣਵਾਲਾ ਅਨੂੰ ਕਾ ਵਿਖੇ ਦਿਨ ਦਿਹਾੜੇ ਇੱਕ ਨੌਜਵਾਨ ਦਾ ਕੈਂਚੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਇਸ ਹਮਲੇ ਵਿੱਚ ਮਿ੍ਰਤਕ ਦਾ ਇੱਕ ਹੋਰ ਸਾਥੀ ਜ਼ਖਮੀ ਹੋ ਗਿਆ ਹੈ, ਜਿਸਨੂੰ ਲੰਬੀ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਝਗੜੇ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਲੰਬੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਮਿ੍ਰਤਕ ਸਤਨਾਮ ਸਿੰਘ (22) ਦੇ ਪਿਤਾ ਤੇ ਪਿੰਡ ਦੇ ਚੌਂਕੀਦਾਰ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਸਾਢੇ 9 ਵਜੇ ਕਥਿਤ ਤੌਰ ’ਤੇ ਕਿਸੇ ਰੰਜਿਸ਼ ਦੇ ਤਹਿਤ ਪਿੰਡ ਦੇ ਹੀ ਗੋਵਿੰਦਾ ਪੁੱਤਰ ਮੰਗਤ ਰਾਮ, ਉਸਦੇ ਪਿਤਾ, ਮਾਤਾ ਤੇ ਭਰਾ ਰਾਮ ਨਰਾਇਣ ਨੇ ਕੈਂਚੀਆਂ ਤੇ ਸੂਏ ਵਰਗੇ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਉਸਦੇ ਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਹੈ। ਇਸ ਮੌਕੇ ਸਤਨਾਮ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਉਸਦੇ ਦੋਸਤ ਅਜੈਦੀਪ ਸਿੰਘ ਪੁੱਤਰ ਭੋਲਾ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਮਿ੍ਰਤਕ ਦੇ ਸਿਰ, ਗਲੇ ਤੇ ਦਿਲ ਸਮੇਤ ਕਈ ਥਾਵਾਂ ’ਤੇ ਹਮਲੇ ਦੇ ਨਿਸ਼ਾਨ ਹਨ, ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਜਦੋਂ ਲੰਬੀ ਥਾਣੇ ਦੇ ਮੁੱਖ ਅਫ਼ਸਰ ਚੰਦਰ ਸ਼ੇਖ਼ਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੋਵਿੰਦਾ ਪੁੱਤਰ ਮੰਗਤ ਰਾਏ, ਜੋ ਨਾਈ ਦਾ ਕੰਮ ਕਰਦਾ ਹੈ, ਨੇ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ ਹੈ। ਇਸ ਸਬੰਧੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।