ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ/ਲੰਡਨ, 6 ਮਾਰਚ 2021 - ਬ੍ਰਿਟੇਨ ਦੀ ਇੱਕ ਸਾਬਕਾ ਤੈਰਾਕ ਚਰਚ ਦੇ ਕਬਰਸਤਾਨ ਵਿੱਚ ਸੌਂ ਕੇ ਆਪਣੀ ਜਿੰਦਗੀ ਬਤੀਤ ਕਰ ਰਹੀ ਹੈ, ਕਿਉਂਕਿ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਵਿੱਤੀ ਸਹਾਇਤਾ ਨਹੀਂ ਮਿਲ ਰਹੀ ਹੈ। ਦੁਨੀਆ ਭਰ ਦੇ ਤੈਰਾਕੀ ਮੁਕਾਬਲਿਆਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ 64 ਸਾਲਾਂ ਦੀ ਲਾਰੇਨ ਮੈਕਹੈਂਡਰੀ ਡੇਕਰੀ ਪਿਛਲੇ ਚਾਰ ਸਾਲਾਂ ਤੋਂ ਬੇਘਰ ਹੈ। ਇਹ 64 ਸਾਲਾ ਤੈਰਾਕ ਆਪਣੇ ਸਾਰੇ ਵਿੱਤੀ ਸੋਮੇ ਗਵਾ ਚੁੱਕੀ ਹੈ ਅਤੇ ਇਸ ਤਰ੍ਹਾਂ ਦਿਨ ਗੁਜਾਰਨ ਲਈ ਮਜ਼ਬੂਰ ਹੈ। ਇਹ ਸਾਬਕਾ ਤੈਰਾਕ ਵਿਦੇਸ਼ੀ ਜ਼ਿੰਦਗੀ ਬਤੀਤ ਕਰਨ, ਇੱਕ ਨੈਨੀ ਅਤੇ ਸਮਾਜ ਸੇਵਕ ਵਜੋਂ ਕੰਮ ਕਰਨ ਤੋਂ ਬਾਅਦ, 1990 ਦੇ ਅਖੀਰ ਵਿੱਚ ਇੰਗਲੈਂਡ ਵਿੱਚ ਰਿਟਾਇਰ ਹੋ ਗਈ ਸੀ।
ਡੇਕਰੀ ਨੇ ਲੰਡਨ ਦੀ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਦੇ ਨਾਲ ਕਨੇਡਾ ਦੀ ਮਸ਼ਹੂਰ ਮੈਕਗਿਲ ਯੂਨੀਵਰਸਿਟੀ ਤੋਂ ਵੀ ਡਿਗਰੀ ਪ੍ਰਾਪਤ ਕੀਤੀ ਸੀ। ਡੇਕਰੀ ਅਨੁਸਾਰ ਉਸਨੇ ਆਪਣਾ ਸਾਰਾ ਪੈਸਾ ਗਵਾ ਲਿਆ ਹੈ ਅਤੇ ਰਿਟਾਇਰਮੈਂਟ ਪੈਨਸ਼ਨ ਦੀ ਉਮਰ ਬਦਲਣ ਕਾਰਨ (ਜੋ ਕਿ ਹੁਣ 66 ਸਾਲ ਕਰ ਦਿੱਤੀ ਗਈ ਹੈ) ਉਹ ਪੈਨਸ਼ਨ ਲੈਣ ਦੇ ਯੋਗ ਨਹੀਂ ਹੈ। ਲਾਰੇਨ ਨੂੰ ਮਾਨਸਿਕ ਸਿਹਤ ਸੰਬੰਧੀ ਕੋਈ ਮੁਸ਼ਕਲ ਜਾਂ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾ ਹੋਣ ਕਾਰਨ ਵੀ ਸਮਾਜਿਕ ਰਿਹਾਇਸ਼ ਅਤੇ ਸਹਾਇਤਾ ਲਈ ਯੋਗ ਨਹੀਂ ਸਮਝਿਆ ਜਾਂਦਾ ਹੈ।
ਇਸ ਸਾਬਕਾ ਤੈਰਾਕ ਨੂੰ ਵਲੰਟੀਅਰਾਂ ਦੁਆਰਾ ਭੋਜਨ ਪਹੁੰਚਾਇਆ ਜਾਂਦਾ ਹੈ। ਵਿੱਕੀ ਮੈਕਗਰੈਗਲ ਅਤੇ ਮੋਨਿਕਾ ਵ੍ਹਾਈਟ ਜੋ ਕਿ ਇੱਕ ਬੇਘਰ ਚੈਰਿਟੀ ਅੰਡਰ ਵਨ ਸਕਾਈ (ਯੂ.ਓ.ਐੱਸ.) ਦੀ ਮੱਦਦ ਨਾਲ ਲਾਰੇਨ ਨੂੰ ਉਸਦੇ ਪੈਰਾਂ 'ਤੇ ਵਾਪਸ ਖੜੇ ਕਰਨ ਲਈ 'ਗੋ ਫੰਡ ਮੀ' ਪੇਜ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।