ਅਸ਼ੋਕ ਵਰਮਾ
ਬਠਿੰਡਾ, 6 ਮਾਰਚ2021:ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਰਸਾਇਣ ਵਿਗਿਆਨ ਵਿਭਾਗ ਅਤੇ ਬਨਸਪਤੀ ਵਿਗਿਆਨ ਵਿਭਾਗ ਨੂੰ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨਾਲੋਜੀ ਵਿਭਾਗ ਨੇ ਯੂਨੀਵਰਸਿਟੀ ਅਤੇ ਉੱਚ ਵਿਦਿਅਕ ਸੰਸਥਾਵਾਂ ’ਚ ਪੋਸਟ ਗ੍ਰੈਜੂਏਟ ਤੇ ਨਵੀਆਂ ਖੋਜ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵਿੱਤੀ ਸਹਾਇਤਾ ਪ੍ਰੋਗਰਾਮ ‘ਫਿਸਟ’ 2020‘ ਤਹਿਤ ਡੀਐਸਟੀ-ਫਿਸਟ ਗ੍ਰਾਂਟ ਲਈ ਚੁਣਿਆ ਹੈ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਡਾ. ਵਿਨੋਦ ਪਠਾਨੀਆ ਅਤੇ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਫੈਲਿਕਸ ਫਾਸਟ ਤੋਂ ਇਲਾਵਾ ਪ੍ਰੋਜੈਕਟ ਲਾਗੂ ਕਰਨ ਵਾਲਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਫੈਕਲਟੀ ਮੈਂਬਰਾਂ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ।
ਡੀਨ ਰਿਸਰਚ ਪ੍ਰੋ. ਅੰਜਨਾ ਮੁਨਸ਼ੀ ਨੇ ਦੱਸਿਆ ਕਿ ਇਸ ਗ੍ਰਾਂਟ-ਏਡ ਦੀ ਸਿਫਾਰਸ਼ ਇਨ੍ਹਾਂ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਦੀ ਖੋਜ ਅਤੇ ਅਕਾਦਮਿਕ ਕਾਰਗੁਜਾਰੀ ਦੇ ਅਧਾਰ ਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਦੀ ਵਰਤੋਂ ਨਾਲ ਖੋਜ ਸਹੂਲਤਾਂ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਉੱਚ ਮਿਆਰ ਤੈਅ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਪੰਜ ਵਿਭਾਗਾਂ ਜਿੰਨ੍ਹਾਂ ਨੂੰ ਬਾਅਦ ਵਿਚ ਦੋ ਵਿਭਾਗਾਂ ਵਿਚ ਵੰਡਿਆ ਗਿਆ ਅਤੇ ਜੀਵ ਵਿਗਿਆਨ ਵਿਭਾਗ ਨੂੰ ਪਹਿਲਾਂ ਹੀ 3.68 ਕਰੋੜ ਰੁਪਏ ਦੀ ਡੀਐਸਟੀ-ਫਿਸਟ ਗਰਾਂਟ ਮਿਲ ਚੱੁਕੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਇਸ ਗ੍ਰਾਂਟ ਲਈ ਯੂਨੀਵਰਸਿਟੀ ਦੇ ਦੋ ਹੋਰ ਵਿਭਾਗਾਂ ਨੂੰ ਡੀਐਸਟੀ ਦਾ ਸਹਿਯੋਗ ਮਿਲਣ ਦੇ ਨਾਲ ਅਜਿਹੇ ਵਿਭਾਗਾਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਗੌਰਤਲਬ ਹੈ ਕਿ ਇਸ ਗਰਾਂਟ ਲਈ ਦੇਸ਼ ਭਰ ਚੋਂ ਪ੍ਰਾਪਤ ਹੋਏ 212 ਪ੍ਰਸਤਾਵਾਂ ਵਿੱਚੋਂ, ਡੀਐਸਟੀ ਦੁਆਰਾ ਗਰਾਂਟ ਲਈ ਸਿਰਫ 16 ਦੀ ਸਿਫਾਰਸ਼ ਕੀਤੀ ਗਈ ਜਿੰਨ੍ਹਾਂ ’ਚ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਅਤੇ ਬਨਸਪਤੀ ਵਿਗਿਆਨ ਵਿਭਾਗ ਸ਼ਾਮਲ ਹਨ।