ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ 6 ਮਾਰਚ 2021 - ਬਿਜਲੀ ਦੇ ਨਾਕਸ ਪ੍ਰਬੰਧਾਂ ਨੂੰ ਲੈ ਕੇ ਪਿੰਡ ਪਿਓਰੀ ਦੇ ਕਿਸਾਨਾਂ ਨੇ 66 ਕੇ.ਵੀ. ਗਰਿੱਡ ਪਿਓਰੀ ਦੇ ਬਾਹਰ ਧਰਨਾ ਲਗਾ ਦਿੱਤਾ। ਕਿਸਾਨਾਂ ਨੇ ਬਿਜਲੀ ਵਿਭਾਗ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂ ਜਸਵੀਰ ਸਿੰਘ, ਨਛੱਤਰ ਸਿੰਘ ਪਿਓਰੀ ਨੇ ਦੱਸਿਆ ਕਿ ਪਿੰਡ ਪਿਓਰੀ ਵੱਲੋਂ ਮਤਾ ਪਾ ਕੇ ਗਰਿੱਡ ਲਈ 3 ਕਿਲੇ ਜ਼ਮੀਨ ਦਿੱਤੀ ਗਈ ਸੀ ਅਤੇ ਗਰਿੱਡ ਤੋਂ ਪਿੰਡ ਦੇ ਕਿਸਾਨਾਂ ਨੂੰ ਬਿਜਲੀ ਤਰਜੀਹੀ ਅਧਾਰ ਤੇ ਦਿੱਤੀ ਜਾਣੀ ਚਾਹੀਦੀ ਹੈ ਪਰ ਵਿਭਾਗ ਵੱਲੋਂ ਕਿਸਾਨਾਂ ਨੂੰ ਮੋਟਰਾਂ ਲਈ ਬਿਜਲੀ ਦਿਨ ਸਮੇਂ ਬਹੁਤ ਹੀ ਮੁਸਕਿਲ ਨਾਲ 3 ਘੰਟੇ ਦਿੱਤੀ ਜਾ ਰਹੀ ਹੈੇੇ। ਜਦਕਿ ਬਾਕੀ ਬਿਜਲੀ ਰਾਤ ਸਮੇਂ ਦਿੱਤੀ ਜਾਂਦੀ ਹੈ, ਜਿਸ ਦਾ ਸਮਾਂ ਵੀ ਨਿਸਚਿਤ ਨਹੀਂ ਹੈ।
ਇਸ ਲਈ ਕਿਸਾਨ ਰਾਤ ਸਮੇਂ ਆਪਣੀਆਂ ਫਸਲਾਂ ਨੂੰ ਪਾਣੀ ਲਗਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨਾਂ ਕਿਹਾ ਕਿ ਉਹ ਕਈ ਵਾਰ ੳੁੱਚ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਕਿ ਪਿੰਡ ਦੇ ਕਿਸਾਨਾਂ ਨੂੰ ਦਿਨ ਸਮੇਂ ਬਿਜਲੀ ਸਪਲਾਈ ਦਿੱਤੀ ਜਾਵੇ ਪਰ ਉਨਾਂ ਵੱਲੋਂ ਵਾਰ-ਵਾਰ ਨਜਰਅੰਦਾਜ ਕੀਤੇ ਜਾਣ ਤੋਂ ਬਾਅਦ ਉਹ ਗਰਿੱਡ ਦੇ ਬਾਹਰ ਧਰਨਾ ਲਗਾਉਣ ਲਈ ਮਜ਼ਬੂਰ ਹੋਏ ਹਨ। ਉਨਾਂ ਦੱਸਿਆ ਕਿ ਗਰਿੱਡ ਤੋਂ ਜਿਨਾਂ ਹੋਰਨਾਂ ਪਿੰਡਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਉਨਾਂ ਨੂੰ ਦਿਨ ਸਮੇਂ ਪੂਰੀ ਬਿਜਲੀ ਦਿੱਤੀ ਜਾਂਦੀ ਹੈ ਸਿਰਫ਼ ਸਾਡੇ ਪਿੰਡ ਨਾਲ ਹੀ ਵਿਤਕਰਾਂ ਕੀਤਾ ਜਾਦਾ ਹੈ।
ਉਹਨਾਂ ਮੰਗ ਕੀਤੀ ਕਿ ਉਨਾਂ ਨੂੰ ਦਿਨ ਸਮੇਂ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੈ ਨਹੀਂ ਤਾਂ ਉਹ ਧਰਨੇ ਨੂੰ ਪੱਕੇ ਤੌਰ ਤੇ ਲਗਾਉਣ ਲਈ ਮਜ਼ਬੂਰ ਹੋਣਗੇ। ਉਧਰ ਐਕਸੀਅਨ ਪਾਵਰਕਾਮ ਗਿੱਦੜਬਾਹਾ ਹਰੀਸ਼ ਗੋਠਵਾਲ ਦਾ ਕਹਿਣਾ ਸੀ ਕਿ ਐਸ.ਡੀ.ਓ. ਗਰਿੱਡਜ਼ ਨੂੰ ਮੌਕੇ ’ਤੇ ਭੇਜਿਆ ਹੈ ਅਤੇ ਜਲਦ ਹੀ ਕਿਸਾਨਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ, ਭੋਲਾ ਸਿੰਘ, ਜੱਗਾ ਸਿੰਘ, ਪਵਨਦੀਪ ਸਿੰਘ, ਲਵਦੀਪ ਸਿੰਘ, ਨੀਟਾ ਸਿੰਘ, ਟਿੱਕਾ ਸਿੰਘ, ਅੰਮਿ੍ਰਤਪਾਲ ਸ਼ਰਮਾਂ, ਬਿੱਕਰ ਸਿੰਘ, ਬਲਦੇਵ ਸਿੰਘ, ਗੁਰਤੇਜ ਸਿੰਘ, ਤੇਜਾ ਸਿੰਘ ,ਗੁਰਮੇਲ ਸਿੰਘ ਅਤੇ ਚੂਹੜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।