ਅਸ਼ੋਕ ਵਰਮਾ
ਬਠਿੰਡਾ, 6 ਮਾਰਚ2021: ਬਠਿੰਡਾ ਜਿਲ੍ਹੇ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ ਕੋਠਾ ਗੁਰੂ ਵਿਖੇ ਮੋਟਰ ਕੁਨੈਕਸ਼ਨ ਕੱਟਣ ਗਏ ਬਿਜਲੀ ਮੁਲਾਜਮਾਂ ਨੂੰ ਕਰੀਬ 24 ਘੰਟੇ ਲਗਾਤਾਰ ਦਿਨ ਰਾਤ ਖੇਤਾਂ ਵਿੱਚ ਬੰਦੀ ਬਣਾਉਣ ਦੇ ਮਾਮਲੇ ’ਚ ਸਮੂਹ ਮੁਲਾਜਮਾਂ ਅੰਦਰ ਭਾਰੀ ਰੋਸ ਪੈਦਾ ਹੋ ਰਿਹਾ ਹੈ। ਟੈਕਨੀਕਲ ਸਰਵਿਸ ਯੂਨੀਅਨ ਸਰਕਲ ਬਠਿੰਡਾ ਦੇ ਆਗੂਆਂ ਨੇ ਅੱਜ ਮੀਟਿੰਗ ਕਰਕੇ ਇਸ ਮਾਮਲੇ ਵਿੱਚ ਅਧਿਕਾਰੀਆਂ ਵੱਲੋਂ ਦਿਖਾਈ ਢਿੱਲ ਮੱਠ ਦੀ ਨਿਖੇਧੀ ਕਰਦਿਆਂ ਸਬੰਧਤ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪ੍ਰਧਾਨ ਬਲਜਿੰਦਰ ਰਾਮ ਸ਼ਰਮਾਂ, ਨੱਛਤਰ ਸਿੰਘ ਸਕੱਤਰ, ਹਰਜਿੰਦਰ ਸਿੰਘ ਮੀਤ ਪ੍ਰਧਾਨ,ਮੋਹਨ ਲਾਲ ਮੀਤ ਸਕੱਤਰ,ਭੀਮ ਸੈਨ ਖਜਾਨਚੀ ,ਸੂਬਾ ਸੀਨੀਅਰ ਪ੍ਰਧਾਨ ਨਗਿੰਦਰ ਪਾਲ ਅਤੇ ਮੱਖੂ ਗਰੁੱਪ ਦੇ ਕਨਵੀਨਰ ਹਰਜੀਤ ਸਿੰਘ ਜੈਤੋ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਗਤਾ ਭਾਈ ਦੇ ਬਿਜਲੀ ਮੁਲਾਜਮ ਪਿੰਡ ਕੋਠਾ ਗੁਰੂ ਵਿਖੇ ਜਾਅਲੀ ਮੋਟਰ ਕੁਨੈਕਸ਼ਨ ਕੱਟਣ ਗਏ ਸਨ ਜਿੱਥੇ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨੇ ਸਾਰੇ ਬਿਜਲੀ ਮੁਲਾਜਮ ਖੇਤ ਵਿੱਚ ਹੀ ਬੰਦੀ ਬਣਾ ਲਏ । ਉਨ੍ਹਾਂ ਕਿਹਾ ਕਿ ਜਦੋਂ ਐਸਡੀਓ ਇਸ ਬਾਰੇ ਗੱਲ ਕਰਨ ਲਈ ਪੁੱਜੇ ਤਾਂ ਉਨ੍ਹਾਂ ਨੂੰ ਵੀ ਬੰਦੀ ਬਣਾ ਲਿਆ ਜੋ ਬਹੁਤ ਹੀ ਮੰਦਭਾਗੀ ਤੇ ਨਿੰਦਨਯੋਗ ਘਟਨਾ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜਮ ਹਮੇਸ਼ਾਂ ਲੋਕਾਂ ਤੇ ਕਿਸਾਨਾਂ ਦੀ ਸੇਵਾ ਵਿੱਚ 24 ਘੰਟੇ ਹਾਜਰ ਰਹਿੰਦੇ ਹਨ ਪਰੰਤੂ ਅਜਿਹੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਗੂਆਂ ਨੇ ਚੇਤਵਾਨੀ ਦਿੰਦਿਆਂ ਕਿਹਾ ਕਿ ਜੇਕਰ 8 ਮਾਰਚ 2021 ਤੱਕ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਕੇ ਬੰਦੀ ਬਣਾਉਣ ਵਾਲੇ ਕਾਰਕੁੰਨਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਸਾਰੀਆਂ ਜੱਥੇਬੰਦੀਆਂ ਦੀ ਹੰਗਾਮੀ ਮੀਟਿੰਗ ਬੁਲਾਕੇ ਅਗਲੇ ਸੰਘਰਸ਼ ਦਾ ਪ੍ਰੋਗਰਾਮ ਉਲਕਿਆ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।