ਸਰਬਜੀਤ ਸੁਖੀਜਾ
- ਕਿਸਾਨ ਸੁਖਬੀਰ ਬਾਦਲ ਨੂੰ ਤਾਂ ਇਹ ਨਹੀਂ ਪਤਾ ਫਸਲ ਦਾ ਕਿੰਨਾ ਬੀਜ ਪੈਂਦਾ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021 - ਅਕਾਲੀ ਅਤੇ ਕਾਂਗਰਸੀ ਸਿਰਫ਼ ਵੋਟਾਂ ਲਈ ਰਾਜਨੀਤੀ ਕਰ ਰਹੇ ਹਨ। ਉਨਾਂ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈ। ਜਦਕਿ ਅਸੀਂ ਪਾਰਟੀਬਾਜ਼ੀ ਤੋਂ ਹਟ ਕੇ ਕਿਸਾਨੀ ਲਈ ਲੜਾਈ ਲੜ ਰਹੇ ਹਨ। ਮੈਂ ਐਮਪੀ ਅਤੇ ਕਲਾਕਾਰ ਬਾਅਦ ਵਿਚ ਹਾਂ ਪਹਿਲਾਂ ਮੈਂ ਕਿਸਾਨ ਹਾਂ। ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਐਮਪੀ ਭਗਵੰਤ ਮਾਨ ਨੇ ਕੋਟਭਾਈ ਵਿਖੇ ਗੱਲਬਾਤ ਦੌਰਾਨ ਕਹੀ। ਉਹ 21 ਮਾਰਚ ਨੂੰ ਕਿਸਾਨੀ ਦੇ ਹੱਕ ਵਿਚ ਬਾਘਾ ਪੁਰਾਣਾ ਵਿਖੇ ਹੋਣ ਵਾਲੀ ਰੈਲੀ ਲਈ ਪਿੰਡਾਂ ਵਿਚ ਮੀਟਿੰਗ ਕਰਨ ਲਈ ਆਏ ਸਨ।
ਭਗਵੰਤ ਮਾਨ ਨੇ ਸੁਖਬੀਰ ਬਾਦਲ ’ਤੇ ਤੰਜ ਕਸਦਿਆਂ ਕਿਹਾ ਕਿ ਇਹ ਖੁਦ ਨੂੰ ਕਿਸਾਨ ਕਹਿੰਦੈ ਇਸ ਨੂੰ ਇਹ ਤਾਂ ਪਤਾ ਨਹੀਂ ਕਿਹੜੀ ਫਸਲ ਦਾ ਇੱਕ ਏਕੜ ਵਿਚ ਕਿੰਨਾ ਬੀਜ ਪੈਂਦਾ। ਅਕਾਲੀਆਂ ਕੋਲ ਤਾਂ ਨੋਟ ਆ ਇਹ ਤਾਂ ਨੋਟਾਂ ਦੇ ਸਿਰ ’ਤੇ ਹੀ ਰਾਜਨੀਤੀ ਕਰਦੇ ਆ ਜਦਕਿ ਸਾਡੇ ਕੋਲ ਲੋਕ ਹਨ। ਉਨਾਂ ਮਨਜਿੰਦਰ ਸਿਰਸਾ ’ਤੇ ਵਰਦਿਆਂ ਕਿਹਾ ਕਿ ਉਹ ਲੋਕਾਂ ਦੇ ਕੀਤੇ ਕੰਮ ਦਾ ਕ੍ਰੈਡਿਟ ਲੈ ਰਿਹਾ ਹੈ। ਜਦਕਿ ਵਕੀਲਾਂ ਦੇ ਬਣਾਏ ਹੋਏ ਪੈਨਲ ਹੀ ਕੰਮ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਕਾਨੂੰਨੀ ਦਸਤਾਵੇਜ ਬਣਨੇ ਚਾਹੀਦੇ ਹਨ ਅਤੇ ਚੋਣ ਮਨੋਰਥ ਪੱਤਰ ਵਿੱਚ ਦਰਜ ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਕਰਨੀ ਚਾਹੀਦਾ ਹੈ। ਉਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਨਾਲ ਹੀ ਉਨਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ। ਉਨਾਂ ਕਿਹਾ ਕਿ ਕਿਸਾਨ ਮਹਾਂਸੰਮੇਲਨ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ। ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਘਾ ਪੁਰਾਣਾ ਵਿਖੇ ਹੋਣ ਵਾਲੇ ਕਿਸਾਨ ਮਹਾਂਸੰਮੇਲਨ ਵਿੱਚ ਪੁੱਜ ਕੇ ਪਾਰਟੀ ਆਗੂਆ ਦੇ ਵਿਚਾਰ ਸੁਣਨ ਅਤੇ ਕਿਸਾਨੀ ਸਘੰਰਸ਼ ਨਾਲ ਜੁੜਣ। ਇਸ ਮੌਕੇ ਉਨਾਂ ਦੇ ਨਾਲ ਫਰੀਦਕੋਟ ਦੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ.ਸਾਧੂ ਸਿੰਘ,ਗੁਰਦਿੱਤ ਸਿੰਘ ਸੇਖੋਂ, ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਗਦੇਵ ਸਿੰਘ ਬਾਮ, ਜਿਲਾ ਮੀਡੀਆ ਇੰਚਾਰਜ ਜਗਮੋਹਣ ਸਿੰਘ ਬਰਾੜ ਸੁਖਨਾ, ਸੁਖਜਿੰਦਰ ਕਾਉਣੀ ਸਮੇਤ ਸੈਂਕੜੇ ਪਾਰਟੀ ਵਰਕਰ ਮੌਜੂਦ ਸਨ।
ਰਾਜੇ ਆਲੀ ਕਾਰ ’ਚ ਗਏ ਕਦੇ ਤੜਾਗੀ ਬੰਨਣ
ਭਗਵੰਤ ਮਾਨ ਨੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੋਟਾਂ ਤੋਂ ਪਹਿਲਾਂ ਦਿੱਤੇ ਬਿਆਨ ਕਿ ਕਾਂਗਰਸ ਦੀ ਗੱਡੀ ਜਾਇਆ ਕਰੇਗੀ ਅਤੇ ਮੁੰਡੇ ਜੰਮਣ ’ਤੇ ਉਨਾਂ ਦੇ ਘਰ ਤੜਾਗੀ ਬੰਨ ਕੇ ਆਇਆ ਕਰਨਗੇ ’ਤੇ ਪਲਟ ਵਾਰ ਕਰਦਿਆਂ ਲੋਕਾਂ ਨੂੰ ਪੁੱਛਿਆ ਕਿ ਉਹ ਕਦੇ ਤੜਾਗੀ ਬੰਨਣ ਗਏ ਆ ਰਾਜੇ ਆਲੀ ਕਾਰ ’ਚ।