- ਸ੍ਰੀ ਆਨੰਦਪੁਰ ਸਾਹਿਬ ਦਾ ਸਮੱਗਰ ਵਿਕਾਸ ਕਰਨ ਦੇ ਲਈ ਪੰਜਾਬ ਸਰਕਾਰ ਵਚਨਬੱਧ
- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਸੰਪੂਰਨ ਵਿਕਾਸ ਲਈ ਪੈਸੇ ਦੀ ਕੋਈ ਨਹੀਂ ਘਾਟ
- ਸ੍ਰੀ ਆਨੰਦਪੁਰ ਸਾਹਿਬ ਵਿਖੇ ਕਲਾਕ ਟਾਵਰ ਬਣਾਉਣਾ ਦਿਲੀ ਇੱਛਾ : ਰਾਣਾ ਕੇਪੀ ਸਿੰਘ
- ਵਿਧਾਨ ਸਭਾ ਸੈਸ਼ਨ ਦੇ ਵਿੱਚ ਸਾਰਿਆਂ ਨੂੰ ਬੋਲਣ ਦੇ ਲਈ ਦਿੱਤੇ ਬਰਾਬਰ ਦੇ ਮੌਕੇ ਪਰੰਤੂ ਕਿਸੇ ਨੂੰ ਵੀ ਵਿਧਾਨ ਸਭਾ ਦੀ ਮਰਿਆਦਾ ਭੰਗ ਕਰਨ ਦੀ ਨਹੀ ਦਿੱਤੀ ਜਾ ਸਕਦੀ ਇਜਾਜ਼ਤ
ਚੰਡੀਗੜ੍ਹ, 6 ਮਾਰਚ 2021 - ਅੱਜ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਵਿੱਚੋਂ ਅਕਾਲੀ ਦਲ ਦੇ ਵਿਧਾਇਕਾਂ ਨੂੰ ਰਹਿੰਦੇ ਸੈਸ਼ਨ ਦੇ ਲਈ ਸਸਪੈਂਡ ਕੀਤੇ ਜਾਣ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਬਤੌਰ ਸਪੀਕਰ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਸੀ ਪ੍ਰੰਤੂ ਜਦੋਂ ਮੁੱਖ ਮੰਤਰੀ ਪੰਜਾਬ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬਾਰ ਬਾਰ ਰੋਕ ਕਿ ਵਿਧਾਨ ਸਭਾ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਰਿਆਂ ਨੂੰ ਗੱਲ ਕਰਨ ਦਾ ਮੌਕਾ ਦਿੱਤਾ ਗਿਆ ਪ੍ਰੰਤੂ ਜਿਸ ਤਰ੍ਹਾਂ ਦਾ ਮਾਹੌਲ ਵਿਧਾਨ ਸਭਾ ਦੇ ਵਿੱਚ ਬਣਿਆ ਉਨ੍ਹਾਂ ਦੇ ਕੋਲ ਹੋਰ ਕੋਈ ਹੱਲ ਨਹੀਂ ਸੀ ਕਿਉਂਕਿ ਵਿਧਾਨ ਸਭਾ ਦੀ ਕਾਰਵਾਈ ਨੂੰ ਨਿਰਵਿਘਨ ਸਹੀ ਤਰੀਕੇ ਨਾਲ ਚਲਾਉਣਾ ਸਪੀਕਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਸੇ ਦੇ ਚਲਦਿਆਂ ਵਿਧਾਇਕਾਂ ਨੂੰ ਬਾਕੀ ਦੇ ਸੈਸ਼ਨ ਦਿੱਲੀ ਸਸਪੈਂਡ ਕੀਤਾ ਗਿਆ , ਉਨ੍ਹਾਂ ਕਿਹਾ ਕਿ ਉਹ ਵੀ ਇਸ ਗੱਲ ਦੇ ਲਈ ਖੁਸ਼ ਨਹੀਂ ਹਨ ਤੇ ਨਾ ਹੀ ਇਹ ਚਾਹੁੰਦੇ ਹਨ ਕੋਈ ਵੀ ਵਿਧਾਇਕ ਵਿਧਾਨ ਸਭਾ ਤੋਂ ਬਾਹਰ ਰਹੇ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਸਮਾਗਮਾਂ ਦੇ ਸਬੰਧ ਵਿਚ ਬੋਲਦਿਆਂ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਪਵਿੱਤਰ ਨਗਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਸਦੇ ਲਈ ਸਰਕਾਰ ਵੱਲੋਂ ਖਾਸ ਤੌਰ ਤੇ ਗੁਰੂ ਸਾਹਿਬ ਦੇ ਚਾਰ ਸੌ ਸਾਲਾ ਸਮਾਗਮਾਂ ਦੇ ਮੌਕੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਚੱਲ ਰਿਹਾ ਹੈ ਅਤੇ ਬਜਟ ਪੇਸ਼ ਹੋਣ ਵਾਲਾ ਹੈ ਇਸ ਕਰਕੇ ਬਤੌਰ ਸਪੀਕਰ ਉਹ ਬਜਟ ਸੰਬੰਧੀ ਗੱਲ ਨਹੀਂ ਕਰ ਸਕਦੇ ਪ੍ਰੰਤੂ ਉਨ੍ਹਾਂ ਨੂੰ ਆਸ ਹੈ ਕਿ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਦੇ ਲਈ ਵੱਡੀ ਪੱਧਰ ਤੇ ਸਰਕਾਰ ਵੱਲੋਂ ਪੈਸੇ ਦਾ ਇੰਤਜ਼ਾਮ ਕੀਤਾ ਗਿਆ ਹੈ।
ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਜਿੱਥੇ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦਾ ਸਮੁੱਚੇ ਰੂਪ ਵਿੱਚ ਵਿਕਾਸ ਕੀਤਾ ਗਿਆ ਹੈ ਉੱਥੇ ਖਾਸ ਤੌਰ ਤੇ ਆਉਂਦੇ ਬਜਟ ਵਿੱਚ ਵੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਬਣਨ ਵਾਲੇ ਵੱਖ ਵੱਖ ਪੁਲਾਂ ਦੇ ਲਈ ਪੈਸੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਗਰੀ ਕਾਲਜ ਦਾ ਨੀਂਹ ਪੱਥਰ ਬੀਤੇ ਸਮੇਂ ਵਿੱਚ ਰੱਖਿਆ ਗਿਆ ਸੀ ਉਹ ਵੀ ਜਲਦ ਹੀ ਸ਼ੁਰੂ ਹੋਵੇਗਾ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਦਿਲ ਦੀ ਇਹ ਇੱਛਾ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਲੈਂਡਮਾਰਕ ਦੇ ਰੂਪ ਦੇ ਵਿੱਚ ਇੱਕ ਕਲਾਕ ਟਾਵਰ ਬਣਾਇਆ ਜਾਵੇ ਅਤੇ ਇਹ ਕਲਾਕ ਟਾਵਰ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਨ ਲਗਾਏਗਾ।
ਜਦੋਂ ਸਪੀਕਰ ਰਾਣਾ ਕੇਪੀ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਦੇਸ਼ ਵਿਚ ਵੱਖ ਵੱਖ ਵਿਧਾਨ ਸਭਾਵਾਂ ਦੇ ਵਿੱਚ ਵਿਧਾਨ ਸਭਾ ਸੈਸ਼ਨਾਂ ਦੀ ਅਵਧੀ ਘਟਦੀ ਜਾ ਰਹੀ ਹੈ ਇਸ ਮਾਮਲੇ ਤੇ ਬੋਲਦਿਆਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੀ ਅਵਧੀ ਇਸ ਗੱਲ ਉੱਤੇ ਨਿਸ਼ਚਿਤ ਹੁੰਦੀ ਹੈ ਕਿ ਵਿਧਾਨ ਸਭਾ ਵਿੱਚ ਕਿੰਨਾ ਬਿਜਨਸ ਹੋਣਾ ਹੈ ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਹੁਣ ਡਿਬੇਟ ਅਤੇ ਡਿਸਕਸ਼ਨ ਉਸ ਲੈਵਲ ਦੀ ਨਹੀਂ ਹੁੰਦੀ ਜਿਸ ਲੈਵਲ ਦੀ ਹੋਣੀ ਚਾਹੀਦੀ ਹੈ।