ਅਸ਼ੋਕ ਵਰਮਾ
ਨਵੀਂ ਦਿੱਲੀ '7 ਮਾਰਚ 2021: ਦਿੱਲੀ ਦੇ ਟਿੱਕਰੀ ਬਾਰਡਰ 'ਤੇ 8ਮਾਰਚ ਨੂੰ ਮਨਾਏ ਜਾ ਰਹੇ ਕੌਮਾਂਤਰੀ ਔਰਤ ਦਿਹਾੜੇ ਮੌਕੇ ਦਹਿ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਮਜ਼ਦੂਰ ਔਰਤਾਂ ਸ਼ਾਮਲ ਹੋਣਗੀਆਂ।ਇਹ ਐਲਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾਂ ਸਿੰਘ ਮਾਨ ਵੱਲੋਂ ਜ਼ਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਿੱਕਰੀ ਬਾਰਡਰ ਤੇ ਔਰਤਾਂ ਦੇ ਹੋ ਰਹੇ ਵਿਸ਼ਾਲ ਇਕੱਠ ਨੂੰ ਮੁੱਖ ਰੱਖਦਿਆਂ 8 ਮਾਰਚ ਦੇ ਇਸ ਪ੍ਰੋਗਰਾਮ ਲੲੀ ਵਿਸ਼ਾਲ ਤੇ ਵੱਖਰਾ ਪੰਡਾਲ ਲਾਇਆ ਗਿਆ ਹੈ।
ਉਹਨਾਂ ਦੱਸਿਆ ਕਿ 8 ਮਾਰਚ ਦਾ ਇਹ ਦਿਹਾੜਾ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਮੋਰਚੇ ਉੱਤੇ ਔਰਤਾਂ ਦੀ ਮੁਕਤੀ ਲਈ ਜੱਦੋ-ਜਹਿਦ ਨੂੰ ਤੇਜ਼ ਕਰਨ ਦਾ ਸੰਦੇਸ਼ ਦੇਵੇਗਾ। ਉਹਨਾਂ ਆਖਿਆ ਕਿ ਔਰਤਾਂ ਨੂੰ ਹਕੂਮਤੀ ਨੀਤੀਆਂ ਦੀ ਮਾਰ ਹੰਢਾਉਣ ਦੇ ਨਾਲ ਨਾਲ ਮਰਦ ਪ੍ਰਧਾਨ ਸਮਾਜ ਅੰਦਰ ਪਿਤਰ ਸਤਾ ਦਾ ਸੰਤਾਪ ਵੀ ਹੰਢਾਉਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਔਰਤ ਮਰਦ ਦੀ ਬਰਾਬਰੀ ਦੇ ਮਹੱਤਵ ਅਤੇ ਮੌਜੂਦਾ ਅੰਦੋਲਨ ਸਮੇਤ ਖੇਤੀ ਸੰਕਟ ਦੇ ਹੱਲ ਲਈ ਸੰਘਰਸ਼ ਵਿੱਚ ਔਰਤਾਂ ਦੇ ਯੋਗਦਾਨ ਦੇ ਮਹੱਤਵ ਨੂੰ ਉਘਾੜਿਆ ਜਾਵੇਗਾ। ਪਾਉਣ ਨਾਲ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਹੋਰ ਬਲ ਬਖਸੇਗਾ ਅਤੇ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ ।
ਇਸਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੋਗੋਵਾਲ ਨੇ ਟਿਕਰੀ ਬਾਰਡਰ ਨੇੜੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਦਿਵਸ ਦੇ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ , ਉਤਰ ਪ੍ਰਦੇਸ , ਮੱਧ-ਪ੍ਰਦੇਸ਼ ਤੇ ਹੋਰ ਕਈ ਰਾਜਾ ਵਿੱਚੋਂ ਪਹੁੰਚ ਰਹੇ ਔਰਤਾਂ ਵੱਡੇ ਕਾਫਲਿਆਂ ਲਈ ਰਹਿਣ ਅਤੇ ਲੰਗਰ ਆਦਿ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ।
ਜਥੇਬੰਦੀ ਦੀ ਮਹਿਲਾ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤ ਦਿਵਸ਼ ਮੌਕੇ ਸਟੇਜ , ਸੰਚਾਲਨ ਕਮੇਟੀ ਤੇ ਵਲੰਟੀਅਰ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਦੀ ਕਮਾਂਡ ਔਰਤਾਂ ਦੇ ਹੀ ਹੱਥ ਹੋਵੇਗੀ। ਉਹਨਾਂ ਕਿਹਾ ਕਿ ਦਹਿ ਹਜ਼ਾਰਾਂ ਦੀ ਗਿਣਤੀ ਚ ਪਹੁੰਚ ਰਹੀਆਂ ਕਿਸਾਨ ਮਜ਼ਦੂਰ ਔਰਤਾਂ ਲੰਮੇ ਸਮੇਂ ਤੋਂ ਖੇਤੀ ਕਿੱਤੇ ਤੇ ਹਕੂਮਤਾਂ ਵੱਲੋਂ ਬੋਲੇ ਹੱਲੇ ਖਿਲਾਫ ਚੱਲਦੇ ਆ ਰਹੇ ਸੰਘਰਸ਼ਾਂ ਦਾ ਅਹਿਮ ਭੂਮਿਕਾ ਅਦਾ ਕਰਦੀਆਂ ਆ ਰਹੀਆਂ ਹਨ।