ਯਾਦਵਿੰਦਰ ਸਿੰਘ ਤੂਰ
ਅੰਮ੍ਰਿਤਸਰ, 5 ਅਪ੍ਰੈਲ 2021 - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਾਰਮਿਕ ਸਥਾਨਾਂ ਦੀ ਭਵਿੱਖ ਅੰਦਰ ਸਾਂਭ ਸੰਭਾਲ ਬਾਰੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਇੱਕ ਸਮਾਗਮ ਦੌਰਾਨ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੋ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ, ਇਹ ਬੜਾ ਹੀ ਗੰਭੀਰ ਮਸਲਾ ਹੈ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਭਵਿੱਖ 'ਚ ਸਾਂਭੇਗਾ ਕੌਣ?"
ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਅਬਾਦੀ ਪੰਜਾਬ 'ਚ ਕਿਸੇ ਵੇਲੇ ਬਹੁਗਿਣਤੀ 'ਚ ਸੀ, ਪਰ 2021 'ਚ ਹੋਣ ਵਾਲੀ ਮਰਦਮਸ਼ੁਮਾਰੀ 'ਚ ਅਸੀਂ 50 ਫੀਸਦ ਤੋਂ ਵੀ ਹੇਠ ਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸਾਡੇ ਧਰਮ, ਸਾਡੇ ਧਾਰਮਿਕ ਸਥਾਨਾਂ ਜਾਂ ਸੰਪਰਦਾਵਾਂ 'ਚ ਕਿੰਤੂ ਪ੍ਰੰਤੂ ਕਰਨ ਵਾਲੇ ਬਹੁਤ ਨੇ ਸਾਡੀ ਗਲਤੀ ਇਹ ਰਹੀ ਕਿ ਸਾਡੇ 'ਚੋਂ ਕੋਈ ਵੀ ਬੋਲਿਆ ਨਹੀਂ ਤੇ ਅਸੀਂ ਚੁੱਪ ਚਾਪ ਸਭ ਕੁਝ ਸੁਣਦੇ ਰਹੇ। ਉਨ੍ਹਾਂ ਕਿਹਾ ਕਿ ਇਹ ਨਹੀਂ ਸੀ ਕਿ ਕਿੰਤੂ ਪ੍ਰੰਤੂ ਕਰਨ ਵਾਲਾ ਬਲਵਾਨ ਬਹੁਤ ਸੀ, ਪਰ ਇਸ ਗੱਲ ਦਾ ਗਮ ਹੈ ਕਿ ਸਾਡੇ 'ਚੋਂ ਬੋਲਿਆ ਹੀ ਕੋਈ ਨਹੀਂ। ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਪਹਿਲੀ ਸੰਪਰਦਾ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਸਾਨੂੰ ਸੋਚ ਲੈਣਾ ਚਾਹੀਦਾ ਸੀ ਕਿ ਸਾਨੂੰ ਵੀ ਮਾੜਾ ਕਿਹਾ ਜਾਏਗਾ। ਅਸੀਂ ਬੋਲੇ ਨੀ ਤੇ ਉਨ੍ਹਾਂ ਲੋਕਾਂ ਦੀ ਹਿਮਾਕਤ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਨ ਨੂੰ ਨਿਸ਼ਾਨੇ 'ਤੇ ਲੈ ਲਿਆ।
ਜਥੇਦਾਰ ਨੇ ਕਿਹਾ ਕਿ ਬਹੁਤ ਸਾਰੇ ਨਕਸਲਾਈਟ ਸਾਡੇ ਧਾਰਮਿਕ ਸਥਾਨਾਂ 'ਚ ਵੜੇ ਤੇ ਇੰਨ੍ਹਾਂ ਨੇ ਬਹੁਤ ਨੁਕਸਾਨ ਕੀਤਾ ਜਿੰਨਾ ਕਦੇ ਮੁਗਲਾਂ ਨੇ ਵੀ ਨੀ ਕੀਤਾ ਸੀ। ਉਨ੍ਹਾਂ ਅਖੀਰ ਕਿਹਾ ਕਿ ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸ਼੍ਰੋਮਣੀ ਕਮੇਟੀ ਦੇ ਨਹੀਂ ਨੇ, ਸਗੋਂ ਇਸ 'ਚ ਸਾਰੀਆਂ ਸੰਪਰਦਾਵਾਂ ਜੀਅ ਸਦਕੇ ਆਉਣ ਮਨਾਉਣ ਅਤੇ ਸ਼੍ਰੋਮਣੀ ਕਮੇਟੀ ਵੀ ਉਨ੍ਹਾਂ ਦਾ ਮਾਣ ਕਰੇ।