ਲੰਬੀ ਪੁਲਿਸ ਵੱਲੋਂ ਇੱਕ ਧੋਖਾਧੜੀ ਮਾਮਲੇ ’ਚ ਕੀਤਾ ਗਿਆ ਸੀ ਗਿ੍ਰਫਤਾਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ 2021-ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਕੋਰੋਨਾ ਪਾਜ਼ੇਟਿਵ ਮਰੀਜ਼ ਫਰਾਰ ਹੋਣ ਨਾਲ ਹਸਪਤਾਲ ’ਚ ਭਾਜੜਾਂ ਪੈ ਗਈਆਂ। ਦਰਅਸਲ ਇਹ ਮਰੀਜ਼ ਇੱਕ ਮਾਮਲੇ ਵਿੱਚ ਦੋਸ਼ੀ ਚੱਲ ਰਿਹਾ ਹੈ, ਜੋ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਉਕਤ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ। ਇਸ ਸਬੰਧੀ ਡਾ: ਪਰਵੇਸ਼ ਕੌਂਸਲ ਦੇ ਬਿਆਨਾਂ ’ਤੇ ਫਰਾਰ ਹੋਏ ਵਿਅਕਤੀ, ਇੱਕ ਹੌਲਦਾਰ ਤੇ ਦੋ ਹੋਮਗਾਰਡ ਜਵਾਨਾਂ ’ਤੇ ਮਾਮਲਾ ਦਰਜ ਹੋਇਆ ਹੈ। ਫਰਾਰ ਹੋਇਆ ਵਿਅਕਤੀ ਲੰਬੀ ਪੁਲਿਸ ਨੇ ਇੱਕ ਮਾਮਲੇ ’ਚ ਗਿ੍ਰਫਤਾਰ ਕੀਤਾ ਸੀ ਤੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਉਸਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ।
ਜਾਣਕਾਰੀ ਅਨੁਸਾਰ ਲੰਬੀ ਪੁਲਿਸ ਨੇ ਮੁਕੱਦਮਾ ਨੰਬਰ 308 ਤਹਿਤ, ਜੋ ਕਿ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਸੀ, ਲੁਧਿਆਣਾ ਵਾਸੀ ਗੁਰਦੇਵ ਕੁਮਾਰ ਨੂੰ ਕਾਬੂ ਕੀਤਾ ਸੀ। ਕੋਰੋਨਾ ਪਾਜ਼ੇਟਿਵ ਹੋਣ ਕਾਰਨ ਗੁਰਦੇਵ ਦਾ ਇਲਾਜ 4 ਅਪ੍ਰੈਲ ਤੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਸੀ। ਇਸ ਕਥਿਤ ਦੋਸ਼ੀ ਦੀ ਨਿਗਰਾਨੀ ਲਈ ਲੰਬੀ ਪੁਲਿਸ ਵੱਲੋਂ ਹੌਲਦਾਰ ਬਲਰਾਜ ਸਿੰਘ, ਪੀਐਚਜੀ ਗੁਰਮੀਤ ਸਿੰਘ ਤੇ ਜਗਰੂਪ ਸਿੰਘ ਦੀ ਗਾਰਡ ਤਾਇਨਾਤ ਕੀਤੀ ਗਈ ਸੀ। 6 ਅਪ੍ਰੈਲ ਨੂੰ ਗਾਰਦ ’ਚ ਤਾਇਨਾਤ ਕਰਮਚਾਰੀ ਗੁਰਦੇਵ ਕੁਮਾਰ ਨੂੰ ਕਮਰੇ ਨਾਲ ਅਟੈਚ ਬਾਥਰੂਮ ’ਚ ਲਿਜਾਣ ਦੀ ਬਜਾਏ ਦੂਜੇ ਬਾਥਰੂਮ ’ਚ ਲੈ ਗਏ, ਜਿਸ ਤੋਂ ਬਾਅਦ ਕਥਿਤ ਦੋਸ਼ੀ ਕਾਫ਼ੀ ਸਮਾਂ ਜਦੋਂ ਬਾਥਰੂਮ ’ਚੋਂ ਬਾਹਰ ਨਾ ਆਇਆ ਤਾਂ ਗਾਰਡ ਕਰਮਚਾਰੀਆਂ ਨੇ ਧੱਕੇ ਨਾਲ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਾ ਚੱਲਿਆ ਕਿ ਗੁਰਦੇਵ ਖਿੜਕੀ ਖ਼ੋਲ੍ਹਕੇ ਫਰਾਰ ਹੋ ਚੁੱਕਾ ਸੀ। ਥਾਣਾ ਸਦਰ ਪੁਲਿਸ ਨੇ ਇਸ ਸਬੰਧੀ ਗੁਰਦੇਵ ਕੁਮਾਰ ਤੇ ਡਿਊਟੀ ’ਚ ਕੁਤਾਹੀ ਕਰਨ ਵਾਲੇ ਕਰਮਚਾਰੀਆਂ ’ਤੇ ਮਾਮਲਾ ਦਰਜ ਕਰ ਲਿਆ ਹੈ।