ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, 13 ਅਪ੍ਰੈਲ 2021 - ਬੇਸ਼ੱਕ ਕੋਰੋਨਾ ਵਾਇਰਸ ਕਰਕੇ ਸਮੁੱਚਾ ਵਿਸ਼ਵ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਪਰ ਫਿਰ ਵੀ ਸਮੁੱਚੇ ਦੇਸ਼ ਭਰ ਵਿੱਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ। ਸਕਾਟਲੈਂਡ ਦੇ ਸ਼ਹਿਰ ਗਲਾਸਗੋ, ਐਡਿਨਬਰਾ, ਐਬਰਡੀਨ, ਡੰਡੀ ਸਮੇਤ ਲੰਡਨ, ਬਰਮਿੰਘਮ, ਮਾਨਚੈਸਟਰ, ਸਾਊਥਾਲ, ਲਿਵਰਪੂਲ, ਲੈਸਟਰ, ਕਾਵੈਂਟਰੀ, ਲੀਡਜ਼, ਬਰੈਡਫੋਰਡ, ਵੁਲਵਰਹੈਪਟਨ, ਵਾਲਸਾਲ, ਬਾਰਕਿੰਗ, ਗ੍ਰੇਵਜੈਂਡ ਆਦਿ ਸਮੇਤ ਬਹੁਤ ਸਾਰੇ ਸਹਿਰਾਂ ਦੇ ਗੁਰਦੁਆਰਾ ਸਾਹਿਬਾਨਾਂ 'ਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ।
ਸਰਕਾਰੀ ਹਦਾਇਤਾਂ ਦੇ ਘੇਰੇ ਅੰਦਰ ਵਿਚਰਦਿਆਂ ਸੰਗਤਾਂ ਸੇਵਾਦਾਰਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਤਮਸਤਕ ਹੁੰਦੀਆਂ ਰਹੀਆਂ। ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਸਮੁੱਚੇ ਦੇਸ਼ ਦੀਆਂ ਫ਼ਿਜ਼ਾਵਾਂ ਵਿੱਚ ਗੁਰਬਾਣੀ ਤੇ ਕੀਰਤਨ ਪ੍ਰਵਾਹ ਚੱਲ ਰਿਹਾ ਹੋਵੇ। ਹਾਲਾਂਕਿ ਵਿਸਾਖੀ ਸੰਬੰਧੀ ਨਗਰ ਕੀਰਤਨ ਸਜਾਉਣ 'ਤੇ ਪਾਬੰਦੀ ਰਹੀ ਪਰ ਤਾਲਾਬੰਦੀ ਢਿੱਲਾਂ ਅਧੀਨ ਸੰਗਤਾਂ ਵੱਲੋਂ ਗੁਰੂਘਰਾਂ ਅੰਦਰ ਸ਼ਰਧਾਪੂਰਵਕ ਹਾਜ਼ਰੀ ਭਰੀ ਗਈ।