ਅਮਰੀਕਾ: ਹੋਨੋਲੂਲੂ ਪੁਲਿਸ ਦੁਆਰਾ ਕੀਤੀ ਗੋਲੀਬਾਰੀ ਵਿੱਚ ਗਈ ਬਲੈਕ ਮੂਲ ਦੇ ਵਿਅਕਤੀ ਦੀ ਜਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਅਪ੍ਰੈਲ 2021: ਅਮਰੀਕਾ ਦੇ ਹੋਨੋਲੂਲੂ ਵਿੱਚ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੱਖਣੀ ਅਫਰੀਕਾ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਹੋਨੋਲੂਲੂ ਪੁਲਿਸ ਨੇ ਇਸ ਸੰਬੰਧੀ ਬਾਡੀ ਕੈਮਰੇ ਦੀ ਫੁਟੇਜ ਜਾਰੀ ਕੀਤੀ ਹੈ ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਅਫਸਰਾਂ ਨੇ ਇੱਕ ਕਾਲੇ ਆਦਮੀ ਨੂੰ ਚੋਰੀ ਦੀ ਇੱਕ ਘਟਨਾ ਸੰਬੰਧੀ ਕਾਲ ਦੌਰਾਨ ਕਾਰਵਾਈ ਕਰਦਿਆਂ ਜਾਨ ਤੋਂ ਮਾਰ ਦਿੱਤਾ। 29 ਸਾਲਾ ਲਿੰਡਾਣੀ ਮਾਇਨੀ, ਜੋ ਕਿ ਮੂਲ ਰੂਪ ਤੋਂ ਦੱਖਣੀ ਅਫਰੀਕਾ ਦਾ ਸੀ, ਨੂੰ ਬੁੱਧਵਾਰ ਨੂੰ ਪੁਲਿਸ ਨੇ ਨੂਆਨੂ 'ਚ ਇੱਕ ਘਰ ਦੇ ਬਾਹਰ ਮਾਰ ਦਿੱਤਾ। ਹੋਨੋਲੂਲੂ ਪੁਲਿਸ ਵਿਭਾਗ ਦੇ ਮੁਖੀ ਸੁਜ਼ਨ ਬੈਲਾਰਡ ਨੇ ਵੀਰਵਾਰ ਨੂੰ ਦੱਸਿਆ ਕਿ ਮਾਇਨੀ ਇੱਕ ਘਰ ਵਿੱਚ ਦਾਖਲ ਹੋਇਆ ਸੀ, ਜਿਸ ਨਾਲ ਡਰੇ ਹੋਏ ਲੋਕਾਂ ਨੇ 911 'ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੁਆਰਾ ਕਾਰਵਾਈ ਕਰਨ ਤੇ ਫੋਨ ਕਰਨ ਵਾਲੇ ਨੇ ਗੱਡੀ ਵਿੱਚ ਬੈਠੇ ਵਿਅਕਤੀ ਵੱਲ ਇਸ਼ਾਰਾ ਕੀਤਾ ਜੋ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਸੀ। ਇਸ ਉਪਰੰਤ ਫੁਟੇਜ ਵਿੱਚ ਮਾਇਨੀ ਇੱਕ ਕਾਰ ਵਿੱੱਚੋਂ ਉਤਰਦਾ ਹੋਇਆ ਅਧਿਕਾਰੀ ਵੱਲ ਨੂੰ ਜਾਂਦਾ ਹੈ।
ਇਕ ਹੋਰ ਅਧਿਕਾਰੀ ਉਸ ਆਦਮੀ ਨੂੰ ਜ਼ਮੀਨ 'ਤੇ ਬੈਠਣ ਦਾ ਆਦੇਸ਼ ਦਿੰਦਾ ਹੈ, ਪਰ ਮਾਇਨੀ ਉਸਦੀ ਪਾਲਣਾ ਨਹੀਂ ਕਰਦਾ ਬਲਕਿ ਪਹਿਲੇ ਅਧਿਕਾਰੀ ਦੇ ਮੂੰਹ 'ਤੇ ਕਈ ਵਾਰ ਮੁੱਕੇ ਮਾਰਦਾ ਹੈ। ਬੈਲਾਰਡ ਅਨੁਸਾਰ ਦੂਜਾ ਅਧਿਕਾਰੀ ਆਪਣੇ ਸਾਥੀ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਤੀਸਰਾ ਅਧਿਕਾਰੀ ਆਪਣਾ ਟੀਜ਼ਰ ਵਰਤਦਾ ਹੈ। ਇਸਦੇ ਬਾਅਦ ਮਾਇਨੀ ਟੀਜ਼ਰ ਵਾਲੇ ਅਧਿਕਾਰੀ ਵੱਲ ਵਧਦਾ ਹੈ। ਇਸ ਦੌਰਾਨ ਪਹਿਲਾ ਅਧਿਕਾਰੀ ਇੱਕ ਗੋਲੀ ਚਲਾਉਂਦਾ ਹੈ ਜੋ ਕਿ ਕਿਸੇ ਦੇ ਲੱਗਣ ਬਾਰੇ ਸਪੱਸ਼ਟ ਨਹੀਂ ਹੈ ,ਪਰ ਦੂਜੇ ਅਧਿਕਾਰੀ ਦੁਆਰਾ ਚਲਾਈਆਂ ਤਿੰਨ ਗੋਲੀਆਂ ਨਾਲ ਸ਼ੱਕੀ ਫਿਰ ਜ਼ਮੀਨ ਤੇ ਡਿੱਗ ਪਿਆ। ਮਾਇਨੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਾਇਨੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਨਾ ਹੀ ਉਸ ਕੋਲ ਕੋਈ ਹਥਿਆਰ ਸਨ। ਇਸ ਮਾਮਲੇ ਵਿਚ ਮਾਇਨੀ ਪਰਿਵਾਰ ਦੀ ਨੁਮਾਇੰਦਗੀ ਕਰ ਰਹੇ ਜਿਮ ਬਿਕਰਟਨ ਨੇ ਕਿਹਾ ਕਿ ਹੋਨੋਲੂਲੂ ਪੁਲਿਸ ਵਿਭਾਗ ਅਜੇ ਵੀ ਤੱਥਾਂ ਨੂੰ ਲੁਕਾ ਰਿਹਾ ਹੈ। ਜਦਕਿ ਪੁਲਿਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।