ਹਰਦਮ ਮਾਨ
ਸਰੀ, 19 ਅਪ੍ਰੈਲ 2021- ਬ੍ਰਿਟਿਸ਼ ਕੋਲੰਬੀਆ ਦੇ ਪਾਰਕਾਂ ਵਿਚ ਅਗਲੇ ਤਿੰਨ ਸਾਲਾਂ ਦੌਰਾਨ ਨਵੀਆਂ ਕੈਂਪਸਾਈਟਾਂ ਦਾ ਵਿਕਾਸ ਕਰਨ, ਇਨ੍ਹਾਂ ਲਈ ਰਸਤੇ ਅਤੇ ਪਹੁੰਚ ਯੋਗਤਾ ਵਧਾਉਣ ਹਿਤ 83 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
ਬੀ.ਸੀ. ਦੇ ਵਾਤਾਵਰਣ ਮੰਤਰੀ ਜਾਰਜ ਹੇਮਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਨਾਲ ਪਾਰਕਾਂ ਦੇ ਪੂੰਜੀਗਤ ਬਜਟ ਵਿਚ 57 ਫ਼ੀਸਦੀ ਅਤੇ ਕਾਰਜਕਾਰੀ ਬਜਟ ਵਿਚ ਹਰ ਸਾਲ ਔਸਤਨ 22 ਫ਼ੀਸਦੀ ਦਾ ਵਾਧਾ ਹੋਵੇਗਾ।ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਸੂਬੇ ਵਿਚ ਪਾਰਕ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਸਥਾਨ ਬਣ ਗਏ ਹਨ, ਲੋਕ ਕੁਦਰਤ ਨਾਲ ਜੁੜ ਕੇ ਅਤੇ ਦੋਸਤਾਂ, ਪਰਿਵਾਰਾਂ ਨਾਲ ਮਿਲ ਕੇ ਪਾਰਕਾਂ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਨ।ਇਸੇ ਕਰਕੇ ਹੀ ਬੀ.ਸੀ. ਲਈ ਕੈਂਪ ਸਾਈਟ ਬੁਕਿੰਗ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੂਬੇ ਵਿਚ ਲਗਭਗ 185 ਕੈਂਪਿੰਗ ਸਾਈਟਾਂ ਨੂੰ ਜੋੜਨ ਦੀ ਉਮੀਦ ਹੈ, ਇਸ ਸਾਲ ਜੁਲਾਈ ਵਿਚ ਇਕ ਨਵਾਂ ਪੂਰੀਆਂ ਸਹੂਲਤਾਂ ਵਾਲਾ 90ਸਾਈਟ ਕੈਂਪ ਗਰਾਉਂਡ ਖੁੱਲ੍ਹਣ ਵਾਲਾ ਹੈ। ਇਹ ਬੀ.ਸੀ. ਵਿਚ ਆਪਣੀ ਕਿਸਮ ਦਾ ਪਹਿਲਾ ਪਾਰਕ ਪ੍ਰੋਜੈਕਟ ਹੈ, ਜਿਸ ਵਿਚ ਪਾਣੀ, ਸੀਵਰੇਜ ਅਤੇ ਇਲੈਕਟ੍ਰੀਕਲ ਆਦਿ ਸਾਰੀਆਂ ਸੇਵਾਵਾਂ ਉਪਲਬਧ ਹੋਣਗੀਆਂ।
ਜ਼ਿਕਰਯੋਗ ਹੈ ਕਿ ਬੀ.ਸੀ. ਦੇ ਸੂਬਾਈ ਪਾਰਕਾਂ ਵਿਚ ਹਰ ਸਾਲ 23 ਮਿਲੀਅਨ ਤੋਂ ਵੱਧ ਲੋਕ ਆਉਂਦੇ ਹਨ।ਬ੍ਰਿਟਿਸ਼ ਕੋਲੰਬੀਆ, ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਪਾਰਕ ਖੇਤਰਾਂ ਵਿਚੋਂ ਇਕ ਹੈ, ਜਿਸ ਵਿਚ 1000 ਤੋਂ ਵੱਧ ਪ੍ਰੋਵਿੰਸ਼ੀਅਲ ਪਾਰਕ, ਮਨੋਰੰਜਨ ਦੇ ਖੇਤਰ, ਸੁਵਿਧਾਜਨਕ ਵਾਤਾਵਰਣ ਭੰਡਾਰ ਅਤੇ ਸੁਰੱਖਿਅਤ ਖੇਤਰ ਹਨ ਅਤੇ ਇਹ ਸੂਬਾਈ ਲੈਂਡ ਬੇਸ ਦੇ ਲਗਭਗ 14.4% ਹਿੱਸੇ ਨੂੰ ਕਵਰ ਕਰਦੇ ਹਨ।